ਡੱਬਵਾਲੀ, 28 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਅਲੀਕਾਂ ਨੇੜੇ ਭਾਰਤਮਾਲਾ ਐਕਸਪ੍ਰੈਸ ਵੇਅ 'ਤੇ ਅੱਜ ਦੋ ਟਰੱਕਾਂ ਦੀ ਟੱਕਰ ਵਿਚ ਇਕ ਹੈਲਪਰ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਗੁਰਜੰਟ ਕਾਲਾ ਵਾਸੀ ਭਦੌੜ (ਬਰਨਾਲਾ) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਚੀਮਾ (ਪੰਜਾਬ) ਦਾ ਸੁਨੀਲ ਟਰੱਕ ਨੰਬਰ ਪੀਬੀ-19ਐਚ/9481 ਵਿਚ ਬਰਨਾਲਾ ਤੋਂ ਸਾਮਾਨ ਲੱਦ ਕੇ ਹਨੂੰਮਾਨਗੜ੍ਹ (ਰਾਜਸਥਾਨ) ਜਾ ਰਿਹਾ ਸੀ | ਉਸੇ ਦੌਰਾਨ ਡੱਬਵਾਲੀ ਨੇੜੇ ਅਲੀਕਾਂ ਅਤੇ ਸ਼ੇਰਗੜ੍ਹ ਵਿਚਕਾਰ ਭਾਰਤਮਾਲਾ ਪੁਲ 'ਤੇ ਮੂਹਰੇ ਜਾ ਰਹੇ ਟਰੱਕ ਨਾਲ ਉਸਦੀ ਟੱਕਰ ਹੋ ਗਈ | ਉਸ ਵੇਲੇ ਹੈਲਪਰ ਗੁਰਜੰਟ ਵੀ ਚਾਲਕ ਦੇ ਨਾਲ ਬੈਠਾ ਸੀ | ਟੱਕਰ ਨਾਲ ਉਨ੍ਹਾਂ ਦਾ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਹਾਦਸੇ ਉਪਰੰਤ ਮੂਹਰੇ ਜਾਂਦੇ ਟਰੱਕ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਸੂਚਨਾ ਮਿਲਣ 'ਤੇ ਡੱਬਵਾਲੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ | ਸਿਟੀ ਪੁਲਿਸ ਨੇ ਮਿ੍ਤਕ ਦੇ ਭਰਾ ਰੇਸ਼ਮ ਸਿੰਘ ਦੇ ਬਿਆਨ 'ਤੇ ਅਣਪਛਾਤੇ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਫ਼ਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ |