ਮਲੋਟ, 19 ਮਈ (ਪਾਟਿਲ)-ਨੌਜਵਾਨ ਪੀੜ੍ਹੀ ਨੂੰ ਨਸ਼ੇ ਤੇ ਸੋਸ਼ਲ ਮੀਡੀਆ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਇਕ ਸਾਰਥਕ ਜੀਵਨ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਨੌਜਵਾਨ ਵਿੰਗ ਵਾਈ.ਪੀ.ਐੱਸ.ਐੱਸ. ਵਲੋਂ ਪਿੰਡ ਡੱਬਵਾਲੀ ਮਲਕੋ ਕੀ ਵਿਖੇ ਵਿਸ਼ੇਸ਼ ਪ੍ਰੋਗਰਾਮ 'ਗੁਰੂ ਨੇ ਪੁਕਾਰਿਆ' ਕਰਵਾਇਆ ਗਿਅ | ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਸੰਗਤਾਂ ਨੇ ਹਾਜ਼ਰੀ ਭਰੀ | ਸਮਾਗਮ ਦੌਰਾਨ ਸਵਾਮੀ ਗਿਆਨੇਸ਼ਾਨੰਦ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੀ ਨੌਜਵਾਨੀ ਦੋਹਰੀ ਮਾਰ ਝੱਲ ਰਹੀ ਹੈ | ਇੱਕ ਪਾਸੇ ਜਿੱਥੇ ਰਵਾਇਤੀ ਨਸ਼ੇ ਤੇ ਡਰੱਗਜ਼ ਹੱਸਦੇ-ਖੇਡਦੇ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੀ ਲਤ (ਡਿਜੀਟਲ ਐਡਿਕਸ਼ਨ) ਨੌਜਵਾਨਾਂ ਦੀ ਮਾਨਸਿਕ ਸ਼ਕਤੀ, ਸਮਾਂ ਤੇ ਭਵਿੱਖ ਨੂੰ ਸਿਉਂਕ ਵਾਂਗ ਖਾ ਰਹੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਨੂੰ ਅੰਦਰੂਨੀ ਤੌਰ 'ਤੇ ਅਧਿਆਤਮਿਕ ਜਾਗਰੂਕਤਾ ਅਤੇ ਸਹੀ ਦਿਸ਼ਾ ਨਹੀਂ ਮਿਲਦੀ, ਉਦੋਂ ਤੱਕ ਇਨ੍ਹਾਂ ਬੁਰਾਈਆਂ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਮੁਸ਼ਕਿਲ ਹੈ | ਇਸ ਪ੍ਰੋਗਰਾਮ ਦੌਰਾਨ ਭਜਨਾਂ, ਸੰਗੀਤ ਤੇ ਪ੍ਰਖਰ ਵਿਚਾਰਾਂ ਰਾਹੀਂ ਨੌਜਵਾਨਾਂ ਨੂੰ ਹਰ ਪ੍ਰਕਾਰ ਦੇ ਨਸ਼ੇ ਦਾ ਤਿਆਗ ਕਰਨ, ਸੋਸ਼ਲ ਮੀਡੀਆ ਦੀ ਸੀਮਤ ਤੇ ਸਹੀ ਵਰਤੋਂ ਕਰਨ ਅਤੇ ਆਪਣੀ ਊਰਜਾ ਨੂੰ ਦੇਸ਼ ਤੇ ਸਮਾਜ ਦੇ ਸਕਾਰਾਤਮਕ ਕੰਮਾਂ ਵਿਚ ਲਗਾਉਣ ਦਾ ਸੰਕਲਪ ਦਿਵਾਇਆ ਗਿਆ |