ਕਪੂਰਥਲਾ, 13 ਫਰਵਰੀ (ਵਿ.ਪ੍ਰ.)- ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੋਜੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਵਲੋਂ ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਜ਼ਿਲ੍ਹਾ ਪੱਧਰੀ 'ਵਾਤਾਵਰਣ ਨਵੀਨਕਾਰ-ਕਚਰੇ ਤੋਂ ਖ਼ਜ਼ਾਨਾ' ਥੀਮ ਤਹਿਤ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਲਗਭਗ 80 ਈਕੋ ਕਲੱਬਾਂ ਦੇ ਵਿਦਿਆਰਥੀਆਂ ਤੇ ਕਲੱਬਾਂ ਦੇ ਕੋਆਰਡੀਨੇਟਰਾਂ ਨੇ ਸ਼ਮੂਲੀਅਤ ਕੀਤੀ | ਕਲੱਬਾਂ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਦੇਖ-ਰੇਖ ਹੇਠ ਤੇ ਰੋਜ਼ਾਨਾ ਜੀਵਨ ਦੀ ਰਹਿੰਦ ਖੂੰਹਦ ਨੂੰ ਆਪਣੀ ਕਲਾ ਤੇ ਨਵੀਨਤਾ ਨਾਲ ਨਿਖਾਰ ਕੇ ਬਹੁਤ ਹੀ ਖ਼ੂਬਸੂਰਤ ਮਾਡਲ ਪ੍ਰਦਰਸ਼ਿਤ ਕੀਤੇ | ਇਸ ਸਬੰਧ ਵਿਚ ਹੋਏ ਸਮਾਗਮ ਦੀ ਪ੍ਰਧਾਨਗੀ ਰਜੇਸ਼ ਭੱਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕੀਤੀ ਜਦਕਿ ਹਿੰਦੂ ਕੰਨਿਆ ਕਾਲਜ ਪਿ੍ੰਸੀਪਲ ਡਾ. ਅਰਚਨਾ ਗਰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਜ਼ਿਲ੍ਹਾ ਈਕੋ ਕਲੱਬਾਂ ਦੇ ਕੋਆਰਡੀਨੇਟਰ, ਮੁੱਖ ਅਧਿਆਪਕ ਗਗਨਦੀਪ ਸਿੰਘ ਤੇ ਜ਼ਿਲ੍ਹਾ ਐਕਟੀਵਿਟੀ ਕੋਆਰਡੀਨੇਟਰ ਸੁਨੀਲ ਬਜਾਜ ਨੇ ਸਮੂਹ ਮਹਿਮਾਨਾਂ ਤੇ ਈਕੋ ਕਲੱਬਾਂ ਦੇ ਕੋਆਰਡੀਨੇਟਰਾਂ ਨੂੰ ਜੀ ਆਇਆ ਕਿਹਾ | ਪ੍ਰਦਰਸ਼ਨੀ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਗਾਈਡ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ | ਇਸੇ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਭਾਰਤ ਸਰਕਾਰ ਦੇ ਵਿਗਿਆਨ ਤੇ ਵਾਤਾਵਰਣ ਕੇਂਦਰ ਵਲੋਂ ਨੈਸ਼ਨਲ ਗਰੀਨ ਸਕੂਲ ਐਵਾਰਡ ਪ੍ਰਾਪਤ ਕਰਨ ਵਾਲੇ ਜ਼ਿਲ੍ਹੇ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬਲੇਰਖਾਨਪੁਰ, ਸੀਨੀਅਰ ਸੈਕੰਡਰੀ ਸਕੂਲ ਨੰਗਲ ਮੱਝਾ, ਸਰਕਾਰੀ ਹਾਈ ਸਕੂਲ ਪੰਡੋਰੀ, ਸਰਕਾਰੀ ਹਾਈ ਸਕੂਲ ਹਮੀਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਨਰਾਇਣਗੜ੍ਹ ਦੇ ਕੋਆਰਡੀਨੇਟਰਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਰਜੇਸ਼ ਭੱਲਾ ਨੇ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਅਜਿਹੇ ਯਤਨ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਜ਼ਿਲ੍ਹਾ ਕੋਆਰਡੀਨੇਟਰ ਗਗਨਦੀਪ ਸਿੰਘ ਨੇ ਬੈੱਸਟ ਈਕੋ ਕਲੱਬ ਪੈਰਾਮੀਟਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਉਨ੍ਹਾਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੋਜੀ ਦੇ ਜੁਆਇੰਟ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਤੇ ਪ੍ਰੋਜੈਕਟ ਸਾਈਟਿੰਸਟ ਡਾ. ਮੰਦਾਕਨੀ ਠਾਕਰ ਵਲੋਂ ਦਿੱਤੇ ਗਏ ਸਹਿਯੋਗ ਤੇ ਜ਼ਿਲ੍ਹੇ ਨੂੰ ਵਾਤਾਵਰਣ ਸਬੰਧੀ ਵਿਸ਼ੇਸ਼ ਪ੍ਰੋਜੈਕਟ ਦੇਣ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਚਿਨ ਅਰੋੜਾ, ਬਲਾਕ ਕੋਆਰਡੀਨੇਟਰ ਅਮਨਪ੍ਰੀਤ ਕੌਰ, ਮਨੀਸ਼ਵਰ ਸ਼ਰਮਾ, ਸ਼ਮਸ਼ੇਰ ਸਿੰਘ, ਮੋਨੂੰ ਕੁਮਾਰ, ਈਸ਼ਾ ਭਾਸਕਰ, ਸੋਨਾਲੀ, ਬਲਕਾਰ ਸਿੰਘ, ਜਗਦੀਪ ਸਿੰਘ ਜੰਮੂ ਨੂੰ ਵੀ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਹਿੰਦੂ ਕੰਨਿਆ ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਈ.ਟੀ.ਟੀ. ਅਧਿਆਪਕਾਂ ਰਚਨਾ ਪੁਰੀ, ਮੁਨੱਜਾ ਇਰਸ਼ਾਦ ਆਦਿ ਹਾਜ਼ਰ ਸਨ |