ਨਡਾਲਾ, 30 ਅਪ੍ਰੈਲ (ਰਘਬਿੰਦਰ ਸਿੰਘ) ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ (ਪੰਜਾਬ) ਦੇ ਡਾਇਰੈਕਟਰ ਅਮਿਤ ਤਲਵਾੜ ਵਲੋਂ (ਆਈ.ਏ.ਐੱਸ) ਵਲੋਂ ਬਲਾਕ ਨਡਾਲਾ ਦੇ ਪਿੰਡ ਰਾਮਗੜ੍ਹ ਦੇ ਸਰਪੰਚ ਧਰਮਿੰਦਰ ਸਿੰਘ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹੋਏ , ਸਰਪੰਚ ਨੂੰ ਅਹੁਦੇ ਤੋ ਮੁਅੱਤਲ ਕਰ ਦਿੱਤਾ ਗਿਆ | ਇਸ ਸੰਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਡਾਲਾ ਵੱਲੋਂ ਪੱਤਰ ਨੰਬਰ 1173 ਮਿਤੀ 19.02.2026 ਰਾਹੀਂ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਗ੍ਰਾਮ ਪੰਚਾਇਤ ਰਾਮਗੜ੍ਹ ਦੇ ਵਾਸੀਆਂ ਵਲੋਂ ਇਕ ਸ਼ਿਕਾਇਤ ਉਨ੍ਹਾਂ ਨੂੰ ਪ੍ਰਾਪਤ ਹੋਈ ਸੀ ਕਿ ਕਿਸੇ ਨੇ ਪਿੰਡ ਵਿਚ ਪੰਚਾਇਤੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਇਸ ਨਾਜਾਇਜ਼ ਕਬਜ਼ੇ ਨੂੰ ਦੂਰ ਕਰਵਾਉਣ ਲਈ ਉਨ੍ਹਾਂ ਦੇ ਦਫ਼ਤਰ ਦੇ ਪੱਤਰ ਨੰਬਰ 117) ਮਿਤੀ 11-02-2026 ਅਤੇ ਪੱਤਰ ਨੰਬਰ 1172 ਮਿਤੀ 18-02-2026 ਰਾਹੀ ਸਰਪੰਚ ਧਰਮਿੰਦਰ ਸਿੰਘ ਰਾਮਗੜ੍ਹ ਨੂੰ ਹਦਾਇਤ ਕੀਤੀ ਗਈ ਸੀ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇ ਪ੍ਰੰਤੂ ਸਰਪੰਚ ਵਲੋਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਨਾਜਾਇਜ਼ ਕਬਜ਼ਾ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਦੇ ਸਬੰਧ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਡਾਲਾ ਵਲੋਂ ਪੱਤਰ ਨੰਬਰ 4341 ਮਿਤੀ 27.02.2026 ਰਾਹੀ ਦੁਬਾਰਾ ਲਿਖਿਆ ਹੈ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਪੁਲਿਸ ਇਮਦਾਦ ਲੈਂਦੇ ਹੋਏ ਨਾਜਾਇਜ਼ ਕਬਜ਼ਾ ਹਟਾਉਣ ਲਈ ਮਿਤੀ 23-02-2026 ਨੂੰ ਮੌਕੇ ਤੇ ਨਾਜਾਇਜ਼ ਕਬਜ਼ਾ ਹਟਾਉਣ ਦੀ ਕਾਰਵਾਈ ਸਮੇਂ ਵੀ ਉਕਤ ਸਰਪੰਚ ਵੱਲੋਂ ਪ੍ਰਸ਼ਾਸਨ ਦਾ ਸਾਥ ਨਹੀਂ ਦਿੱਤਾ ਗਿਆ, ਬਲਕਿ ਪ੍ਰਸ਼ਾਸਨ ਦੇ ਖ਼ਿਲਾਫ਼ ਨਜਾਇਜ਼ ਕਾਬਜਕਾਰਾ ਦਾ ਸਾਥ ਦਿੱਤਾ ਗਿਆ ਅਤੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਗਈ ਅਤੇ ਨਜਾਇਜ਼ ਕਾਬਜਕਾਰ ਨਾਲ ਮਿਲੀ ਭੁਗਤ ਕਰਕੇ ਸਰਕਾਰ ਦੇ ਹਿਤਾਂ ਦਾ ਨੁਕਸਾਨ ਕੀਤਾ ਗਿਆ | ਅਤੇ ਉਹ ਆਪਣੀ ਸਰਪੰਚ ਦੀ ਡਿਊਟੀ ਨਿਭਾਉਣ ਵਿਚ ਅਸਮਰਥ ਰਿਹਾ ਹੈ | ਇਸ ਲਈ ਸਰਪੰਚ ਧਰਮਿੰਦਰ ਸਿੰਘ ਰਾਮਗੜ੍ਹ ਨੂੰ ਸਰਪੰਚ ਦੇ ਅਹੁਦੇ ਤੋਂ ਵਿਭਾਗ ਵੱਲੋਂ ਅਹੁਦੇ ਤੋਂ ਮੁਅੱਤਲ ਕੀਤਾ ਗਿਆ | ਉੱਧਰ ਦੂਜੇ ਪਾਸੇ ਜਦੋਂ ਸਰਪੰਚ ਧਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪਿੰਡ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਸਨ ਅਤੇ ਉਨ੍ਹਾਂ ਦਾ ਪਿੰਡ ਵਿਚ ਕਿਸੇ ਨਾਲ ਵੀ ਕੋਈ ਵੈਰ-ਵਿਰੋਧ ਨਹੀਂ ਹੈ ਇਹ ਸਿਰਫ਼ ਮੇਰੇ ਸਾਫ਼ ਸੁਥਰੇ ਅਕਸ ਨੂੰ ਖ਼ਰਾਬ ਕਰਨ ਅਤੇ ਸਿਆਸੀ ਰੰਜਿਸ਼ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਹ ਹਿੰਮਤ ਹਾਰਨ ਵਾਲੇ ਨਹੀਂ ਹਨ ਉਹ ਇਨਸਾਫ਼ ਲੈਣ ਲਈ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਮੈਨੂੰ ਉਮੀਦ ਹੈ ਕਿ ਮੈਨੂੰ ਇਨਸਾਫ਼ ਜ਼ਰੂਰ ਮਿਲੂਗਾ ਤੇ ਰਹੀ ਗੱਲ ਮੁਅੱਤਲ ਕਰਨ ਦੀ, ਮੈਨੂੰ ਇਸ ਸਬੰਧੀ ਅਜੇ ਕੋਈ ਵੀ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ |