ਫਗਵਾੜਾ, 18 ਮਈ (ਹਰਜੋਤ ਸਿੰਘ ਚਾਨਾ)- ਅੱਜ ਦੇ ਸਮੇਂ ਵਿਚ ਜਿੱਥੇ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਅਤੇ ਪਰਿਵਾਰ ਤੱਕ ਹੀ ਸੀਮਿਤ ਹੋ ਗਏ ਹਨ ਉੱਥੇ ਗੁਰਾਇਆ ਦਾ ਐਨ.ਕੇ. ਗੁਰਾਇਆ ਮਨੁੱਖਤਾ ਦੀ ਸੇਵਾ ਕਰਕੇ ਵੱਖਰੀ ਮਿਸਾਲ ਕਾਇਮ ਕਰ ਰਿਹਾ ਹੈ | ਉਹ ਆਪਣੀ ਨਿੱਜੀ ਕਾਰ ਰਾਹੀਂ ਬਜ਼ੁਰਗਾਂ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਹਸਪਤਾਲ ਪਹੁੰਚਾਉਣ ਦੀ ਸੇਵਾ ਨਿਭਾ ਰਿਹਾ ਹੈ | ਉਸਦੀ ਕਾਰ ਦੇ ਪਿੱਛੇ ਲਿਖਿਆ ਸੁਨੇਹਾ 'ਬਜ਼ੁਰਗਾਂ ਨੂੰ ਲੋਕਲ ਹਸਪਤਾਲ ਪਹੁੰਚਾਉਣ ਦੀ ਫ਼ਰੀ ਸੇਵਾ' ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ | ਜਦੋਂ ਇਸ ਪ੍ਰਤੀਨਿਧ ਨੇ ਉਸ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਗੁਰਾਇਆ ਵਿਚ ਕਿਤਾਬਾਂ ਦੀ ਦੁਕਾਨ ਚਲਾਉਂਦਾ ਹੈ ਅਤੇ ਖ਼ਾਲੀ ਸਮੇਂ ਵਿਚ ਇਹ ਸੇਵਾ ਕਰਦਾ ਹੈ | ਐਨ.ਕੇ. ਗੁਰਾਇਆ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਵਿਚ ਇਕ ਵੱਡਾ ਹਾਦਸਾ ਮੋੜ ਬਣਿਆ | ਇੱਕ ਵਾਰ ਉਹ ਆਪਣੀ ਮਾਤਾ ਨਾਲ ਜਾ ਰਿਹਾ ਸੀ ਤਾਂ ਉਸਦੀ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ | ਕਾਰ ਕਾਫ਼ੀ ਦੂਰ ਤੱਕ ਘਸਿਟਦੀ ਰਹੀ | ਇਸ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਹ ਖ਼ੁਦ ਬਚ ਗਿਆ | ਇਸ ਘਟਨਾ ਨੇ ਉਸਦੀ ਸੋਚ ਬਦਲ ਦਿੱਤੀ ਅਤੇ ਉਸਨੇ ਲੋਕ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ | ਉਨ੍ਹਾਂ ਦੱਸਿਆ ਕਿ ਉਸਦਾ ਤਲਾਕ ਹੋ ਚੁੱਕਾ ਹੈ ਅਤੇ ਬੱਚੇ ਵੀ ਉਸਦੇ ਨਾਲ ਨਹੀਂ ਰਹਿੰਦੇ | ਉਹ ਇਕੱਲਾ ਰਹਿ ਕੇ ਆਪਣੀ ਦੁਕਾਨ ਸੰਭਾਲਦਾ ਹੈ | ਜਿਵੇਂ ਹੀ ਕਿਸੇ ਮਰੀਜ਼ ਜਾਂ ਬਜ਼ੁਰਗ ਨੂੰ ਹਸਪਤਾਲ ਲਿਜਾਣ ਲਈ ਫ਼ੋਨ ਆਉਂਦਾ ਹੈ, ਉਹ ਤੁਰੰਤ ਆਪਣਾ ਕੰਮ ਛੱਡ ਕੇ ਸੇਵਾ ਲਈ ਨਿਕਲ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਉਹ ਹਰ ਮਹੀਨੇ 15 ਤੋਂ 20 ਵਾਰ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਂਦਾ ਸੀ, ਪਰ ਹੁਣ ਗੁਰਾਇਆ ਵਿਚ 101 ਐਂਬੂਲੈਂਸ ਸੇਵਾ ਸ਼ੁਰੂ ਹੋਣ ਕਾਰਨ ਇਹ ਗਿਣਤੀ ਘੱਟ ਕੇ ਲਗਭਗ 10 ਚੱਕਰ ਮਹੀਨਾ ਰਹਿ ਗਈ ਹੈ | ਫਿਰ ਵੀ, ਲੋਕਾਂ ਦੀ ਮਦਦ ਕਰਕੇ ਉਸਨੂੰ ਮਨ ਦਾ ਬਹੁਤ ਸਕੂਨ ਮਿਲਦਾ ਹੈ | ਐਨ.ਕੇ. ਗੁਰਾਇਆ ਦਾ ਕਹਿਣਾ ਹੈ ਕਿ ਪ੍ਰਮਾਤਮਾ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਠੋਕਰ ਰਾਹੀਂ ਮਨੁੱਖਤਾ ਦੀ ਸੇਵਾ ਦੇ ਰਾਹ 'ਤੇ ਤੋਰਦਾ ਹੈ |