ਢਿਲਵਾਂ, 6 ਜੂਨ (ਗੋਬਿੰਦ ਸੁਖੀਜਾ)-ਪੰਜਾਬ ਸਰਕਾਰ ਵੱਲੋਂ 50 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਤੇ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਇਸ ਵਾਰ ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਣਾਂ ਦੇਵੀ ਮੰਦਰ , ਕੀਰਤਪੁਰ ਸਾਹਿਬ ਸਮੇਤ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ | ਬਲਜੀਤ ਸਿੰਘ ਢਿੱਲੋਂ ਸਿਟੀ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 8 ਜੂਨ ਨੂੰ ਢਿਲਵਾਂ ਤੋਂ ਬੱਸ ਰਵਾਨਾ ਹੋਵੇਗੀ, 10 ਜੂਨ ਨੂੰ ਵਾਪਸ ਢਿਲਵਾਂ ਪਹੁੰਚੇਗੀ | ਉਨਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਉਨਾਂ ਦੱਸਿਆ ਕਿ ਕਈ ਗਰੀਬ ਪਰਿਵਾਰ ਜਾ ਬਜ਼ੁਰਗ ਵਿਅਕਤੀ ਮਜਬੂਰੀ ਕਾਰਨ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਨਹੀਂ ਕਰ ਸਕਦੇ ਪਰ ਸਰਕਾਰ ਦੇ ਇਸ ਉਪਰਾਲੇ ਨਾਲ ਉਹ ਮੁਫ਼ਤ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਕਰ ਸਕਦੇ ਹਨ | ਉਨਾਂ ਅੱਗੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਤੇ ਲੋਕ ਸਰਕਾਰੀ ਨੀਤੀਆਂ ਤੇ ਬਾਗੋਬਾਗ ਹਨ | ਇਸ ਮੌਕੇ ਹਲਕਾ ਮੈਨੇਜਰ ਆਕਾਸ਼ ਸਿੰਘ, ਪਰਵਿੰਦਰ ਕੌਰ, ਅਭਿਸ਼ੇਕ, ਮੁਸਕਾਨ ਪ੍ਰੀਤ ਕੌਰ, ਗੌਰਵ ਮਹਿਕਪ੍ਰੀਤ ਕੌਰ ਆਦਿ ਹਾਜ਼ਰ ਸਨ |