13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅਮਰੀਕਾ ਨੂੰ ਭਾਰਤ ਦੀ ਤਰੱਕੀ ਰੜਕਦੀ ਹੈ : ਸੰਤ ਸੀਚੇਵਾਲ

ਅਜੀਤ ਡੈਸਕ 18-06-2026

ਸੁਲਤਾਨਪੁਰ ਲੋਧੀ, 17 ਜੂਨ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਈਰਾਨ ਨਾਲ ਭਾਰਤ ਦੀ ਸਦੀਆਂ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਦੇਸ਼ ਦੀ ਤਰੱਕੀ ਰੜਕ ਰਹੀ ਹੈ | ਇੱਥੋਂ ਜਾਰੀ ਕੀਤੇ ਗਏ ਬਿਆਨ ਵਿਚ ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਕੋਲ ਇਸ ਸਮੇਂ ਸਭ ਤੋਂ ਵੱਧ ਨੌਜਵਾਨਾਂ ਦੀ ਤਾਕਤ ਹੈ | ਹੁਣ ਵੀ ਦੁਨੀਆਂ ਦੇ ਵੱਡੇ-ਵੱਡੇ ਕਾਰੋਬਾਰੀ ਅਦਾਰਿਆਂ ਤੇ ਭਾਰਤ ਦੇ ਲੋਕਾਂ ਦੀ ਪੈਂਠ ਬਣੀ ਹੋਈ ਹੈ | ਉਹਨਾ ਕਿਹਾ ਕਿ ਅਮਰੀਕਾ ਈਰਾਨ ਜੰਗ ਦੇ ਦੌਰਾ ਦੁਨੀਆਂ ਨੂੰ 107 ਦਿਨਾਂ ਤੱਕ ਮਹਿੰਗਾਈ ਦੀ ਮਾਰ ਸਹਿਣ ਲਈ ਮਜਬੂਰ ਕਰਨ ਵਾਲੇ ਅਮਰੀਕੀ ਸਦਰ ਡੋਨਾਲਡ ਟਰੰਪ ਨੂੰ ਆਖਰਕਾਰ ਝੁਕਣਾ ਪਿਆ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਮਰੀਕੀ ਧੌਂਸ ਵਿਚੋਂ ਸਮੁੱਚੀ ਯੂਰਪੀਅਨ ਯੂਨੀਅਨ ਪਹਿਲਾਂ ਹੀ ਨਿਕਲ ਚੁੱਕੀ ਹੈ | ਕਦੇ ਅਮਰੀਕੀ ਰਾਸ਼ਟਰਪਤੀ ਦੀ ਦੁਨੀਆਂ ਵਿਚ ਤੂਤੀ ਬੋਲਿਆ ਕਰਦੀ ਸੀ ਪਰ ਹੁਣ ਹਲਾਤ ਅਜਿਹੇ ਬਣ ਗਏ ਹਨ ਕਿ ਕਮਜ਼ੋਰ ਤੋਂ ਕਮਜ਼ੋਰ ਦੇਸ਼ ਵੀ ਅਮਰੀਕਾ ਦੀ ਦਾਦਾਗਿਰੀ ਸਹਿਣ ਲਈ ਤਿਆਰ ਨਹੀਂ | ਸੰਤ ਸੀਚੇਵਾਲ ਨੇ ਕਿਹਾ ਕਿ ਸਮੁੱਚਾ ਸੰਸਾਰ ਤੇਜ਼ੀ ਨਾਲ ਬਦਲ ਰਿਹਾ ਹੈ | ਅਮਰੀਕਾ ਵਰਗੇ ਤਾਕਤਵਰ ਮੁਲਕ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਬਦਲ ਰਹੇ ਸੰਸਾਰ ਵਿਚ ਮੋਹਰੀ ਭੂਮਿਕਾ ਨਿਭਾਉਂਦਾ | ਗਰੀਬ ਮੁਲਕਾਂ ਖ਼ਾਸ ਕਰਕੇ ਦੱਖਣੀ ਅਫ਼ਰੀਕੀ ਮੁਲਕਾਂ ਵਿਚ ਸਾਫ਼ ਪੀਣ ਵਾਲੇ ਪਾਣੀ ਦਾ ਤੇ ਉਨ੍ਹਾਂ ਮੁਲਕਾਂ ਦੇ ਲੋਕਾਂ ਲਈ ਚੰਗੀਆਂ ਸਿਹਤ ਸਹੂਲਤਾਂ ਦੇ ਪ੍ਰਬੰਧ ਕਰਨ ਵਿਚ ਸਹਿਯੋਗ ਕਰਦਾ ਪਰ ਅਮਰੀਕਾ ਨੇ ਆਪਣੇ ਹਥਿਆਰਾਂ ਦੇ ਕਾਰੋਬਾਰ ਨੂੰ ਵਧਾਉਣ ਦੀ ਖਾਤਰ ਈਰਾਨ ਨਾਲ ਜੰਗ ਛੇੜੀ ਸੀ, ਜਿਸ ਵਿਚ ਉਸ ਨੂੰ ਮੂੰਹ ਦੀ ਖਾਣੀ ਪਈ | ਇਸੇ ਤਰ੍ਹਾਂ ਇਰਾਕ ਨਾਲ ਜੰਗ ਛੇੜਨ ਪਿੱਛੇ ਇਰਾਕ ਕੋਲ ਰਸਾਇਣਕ ਹਥਿਆਰ ਹੋਣ ਦਾ ਅਮਰੀਕਾ ਨੇ ਦਾਅਵਾ ਕੀਤਾ ਸੀ ਪਰ ਅਮਰੀਕਾ ਨੂੰ ਦੁਨੀਆਂ ਵਿਚ ਮੂੰਹ ਦਿਖਾਉਣ ਲਈ ਥਾਂ ਨਹੀਂ ਸੀ ਮਿਲ ਸੀ, ਜਦੋਂ ਇਰਾਕ ਨੂੰ ਬੰਬਾਂ ਨਾਲ ਤਬਾਹ ਕਰਨ ਦੇ ਬਾਵਜੂਦ ਉੱਥੋਂ ਕੋਈ ਰਸਾਇਣਕ ਹਥਿਆਰ ਨਹੀਂ ਸਨ ਮਿਲੇ | ਸੰਤ ਸੀਚੇਵਾਲ ਨੇ ਮੱਧ ਪੂਰਬੀ ਦੇਸ਼ਾਂ ਦੇ ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਮਰੀਕਾ ਦੇ ਜੂਲੇ ਹੇਠੋਂ ਨਿਕਲਣ ਅਤੇ ਆਪਸੀ ਤਾਲਮੇਲ ਵਧਾਉਣ ਅਤੇ ਉਹ ਵੀ ਯੂਰਪੀ ਯੂਨੀਅਨ ਵਾਂਗ ਏਕਾ ਕਰਕੇ ਆਪਣੇ ਕਾਰੋਬਾਰ ਅਤੇ ਆਪੋ ਆਪਣੇ ਮੁਲਕਾਂ ਦੇ ਲੋਕਾਂ ਦੀ ਬਿਹਤਰੀ ਲਈ ਇੱਕਮੁੱਠ ਹੋਣ | ਸੰਤ ਸੀਚੇਵਾਲ ਨੇ ਮੱਧ-ਪੂਰਬੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿਲੇ ਸ਼ਿਕਵੇ ਭੁੱਲ ਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਖੁੱਲ੍ਹੇ ਦਿਲ ਨਾਲ ਅੱਗੇ ਵੱਧਣ ਅਤੇ ਅਮਰੀਕਾ ਦੇ ਡਰ ਨੂੰ ਸਦਾ ਲਈ ਕੱਢ ਦੇਣ |

ਪਿਛਲੀ ਖ਼ਬਰ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਬਸਪਾ ਆਗੂਆਂ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਅਗਲੀ ਖ਼ਬਰ ਜਾਅਲੀ ਕਾਗ਼ਜ਼ਾਤ ਸਹਾਰੇ ਜ਼ਮਾਨਤ ਕਰਵਾਉਣ ਦੇ ਦੋਸ਼ ਹੇਠ ਚਾਰ ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।