ਸੰਘਰਸ਼ ਕਮੇਟੀ ਸਾਦੀਹਰੀ ਨੇ ਐਸ.ਡੀ.ਐਮ. ਦਫ਼ਤਰ ਅੱਗੇ ਪਸ਼ੂ ਬੰਨ ਕੇ ਕੀਤਾ ਪ੍ਰਦਰਸ਼ਨ

ਦਿੜ੍ਹਬਾ ਮੰਡੀ, 9 ਜੂਨ (ਹਰਬੰਸ ਸਿੰਘ ਛਾਜਲੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਾਦੀਹਰੀ ਵਲੋਂ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਸ਼ੂ ਨਾਲ ਲਿਆ ਕੇ ਦਫ਼ਤਰ ਅੱਗੇ ਪਸ਼ੂ ਬੰਨ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਆਗੂ ਮੱਖਣ ਸਿੰਘ ਅਤੇ ਗੁਰਵਿੰਦਰ ਸਿੰਘ ਰਾਠੀ ਨੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਪਿੰਡ ਸਾਦੀਹਰੀ ’ਚ ਨਜੂਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ ਪਰ ਸਰਕਾਰ ਅਤੇ ਪ੍ਰਸ਼ਾਸ਼ਨ ਇਸ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਨਹੀਂ ਹੈ। ਜਿਸ ਕਰਕੇ ਦੋ ਧਿਰਾਂ ਵਿਚ ਲਗਾਤਾਰ ਟਕਰਾਅ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਵਿਚ ਹਰਾ ਚਾਰਾ ਬੀਜਿਆ ਹੋਇਆ ਸੀ, ਉਹ ਸਭ ਸੁੱਕ ਗਿਆ। ਕਿਉਂਕਿ ਦੂਸਰੀ ਧਿਰ ਨੇ ਮੋਟਰ ਦਾ ਕੁਨੈਕਸ਼ਨ ਬੰਦ ਕਰ ਦਿੱਤਾ ਹੈ ਅਤੇ ਪ੍ਰਸ਼ਾਸ਼ਨ ਨੇ ਮੋਟਰ ਨੂੰ ਸੀਲ ਕਰ ਦਿੱਤਾ ਹੈ। ਜਿਸ ਕਰਕੇ ਪਸ਼ੂ ਹਰੇ ਚਾਰੇ ਤੋਂ ਭੁੱਖੇ ਅਤੇ ਪਾਣੀ ਤੋਂ ਪਿਆਸੇ ਮਰ ਰਹੇ ਹਨ। ਇਨਸਾਫ਼ ਲੈਣ ਲਈ ਐਸ.ਡੀ.ਐਮ. ਦਿੜ੍ਹਬਾ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਉਨ੍ਹਾਂ ਰੋਸ ਪ੍ਰਦਰਸ਼ਨ ਕੀਤਾ।