ਬਟਾਲਾ : ਸੁਨਿਆਰੇ ਦੀ ਦੁਕਾਨ 'ਤੇ 2 ਵਿਅਕਤੀਆਂ ਨੇ ਚਲਾਈਆਂ ਗੋਲੀਆਂ
.jpg)
ਬਟਾਲਾ, 24 ਜੁਲਾਈ (ਹਰਦੇਵ ਸਿੰਘ ਸੰਧੂ, ਰਾਕੇਸ਼ ਰੇਖੀ)-ਸਨਅਤੀ ਸ਼ਹਿਰ ਬਟਾਲਾ ਵਿਚ ਅੱਜ ਫਿਰ ਗੋਲੀ ਚੱਲਣ ਨਾਲ ਮਾਹੌਲ ਦਹਿਸ਼ਤ ਵਾਲਾ ਬਣ ਗਿਆ। ਬੀਤੇ ਕੱਲ੍ਹ ਵੀ ਸ਼ਹਿਰ ’ਚ 2 ਗੁੱਟਾਂ ਦੀ ਆਪਸੀ ਲੜਾਈ ਨੂੰ ਲੈ ਕੇ ਗੋਲੀਆਂ ਚੱਲੀਆਂ ਸਨ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ, ਜੋ ਇਸ ਮੌਕੇ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸੇ ਤਰ੍ਹਾਂ ਅੱਜ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵਲੋਂ ਬਟਾਲਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਇਕ ਸੁਨਿਆਰੇ ਦੀ ਦੁਕਾਨ ’ਤੇ ਗੋਲੀਆਂ ਚਲਾਈਆਂ ਗਈਆਂ। ਡੀ.ਐਸ.ਪੀ. ਸਿਟੀ ਬਟਾਲਾ ਨੇ ਦੱਸਿਆ ਕਿ ਕਰੀਬ 3 ਵਜੇ 2 ਨੌਜਵਾਨ ਜਿਨ੍ਹਾਂ ਆਪਣੇ ਮੂੰਹ ਢੱਕੇ ਹੋਏ ਸਨ ਤੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਆਏ ਤੇ ਸ਼ਹਿਰ ਦੇ ਸਿਟੀ ਰੋਡ ’ਤੇ ਖ਼ਾਲਸਾ ਸਕੂਲ ਦੇ ਸਾਹਮਣੇ ਨਰੇਸ਼ ਜਿਊਲਰ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਗੋਲੀ ਦੁਕਾਨ ਦੇ ਸ਼ੀਸ਼ੇ ਨੂੰ ਲੱਗੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੋਂ ਇਕ 32 ਬੋਰ ਦਾ ਚੱਲਿਆ ਕਾਰਤੂਸ ਮਿਲਿਆ। ਰੋਡ ’ਤੇ ਲੱਗੇ ਸੀ.ਸੀ.ਟੀ.ਵੀ. ਕਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਸ਼ਹਿਰ ਦੇ ਸਾਰੇ ਇਲਾਕੇ ਅੰਦਰ ਨਾਕੇ ਲਗਾ ਦਿੱਤੇ ਗਏ ਹਨ ਤੇ ਜਲਦੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ। ਨਰੇਸ਼ ਜਿਊਲਰ ਦੇ ਮਾਲਕ ਨਰੇਸ਼ ਲੂਥਰਾ ਵਾਸੀ ਪਹਾੜੀ ਗੇਟ ਨੇ ਦੱਸਿਆ ਕਿ ਪਿਛਲੇ ਦਿਨੀਂ ਜਲੰਧਰ ਰੋਡ ’ਤੇ ਇਕ ਇਮੀਗ੍ਰੇਸ਼ਨ ਸੈਂਟਰ ’ਤੇ ਗੋਲੀਆਂ ਚੱਲੀਆਂ ਸਨ, ਜਿਸ ’ਚ ਲੋੜੀਂਦੇ ਦੋਸ਼ੀ ਪੁਲਿਸ ਵਲੋਂ ਕਾਬੂ ਕਰ ਲਏ ਗਏ ਹਨ ਤੇ ਸਾਨੂੰ ਮੈਸੇਜ ਆਇਆ ਸੀ ਕਿ ਤੁਸੀਂ ਸਾਡੇ ਬੰਦੇ ਫੜਾ ਦਿੱਤੇ ਹਨ, ਹੋ ਸਕਦਾ ਹੈ, ਉਨ੍ਹਾਂ ਵਿਅਕਤੀਆਂ ਵਲੋਂ ਉਸ ਗੱਲ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇ।