
ਕਪੂਰਥਲਾ, 23 ਜਨਵਰੀ (ਅਮਨਜੋਤ ਸਿੰਘ ਵਾਲੀਆ)-ਪੀਰ ਚੌਧਰੀ ਮੋੜ ਨਜ਼ਦੀਕ ਈ-ਰਿਕਸ਼ਾ ਅਤੇ ਮੋਟਰਸਾਈਕਲ ਦੀ ਟੱਕਰ ਵਿਚ 18 ਸਾਲਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸ਼ਨ ਕਾਂਤ ਪੁੱਤਰ ਵਿਕਰਾਂਤ ਪ੍ਰਾਸ਼ਰ ਵਾਸੀ ਮਾਡਲ ਟਾਊਨ ਜੋ ਸਕੂਲ ਤੋਂ ਘਰ ਵਾਪਸ ਜਾ ਰਿਹਾ ਸੀ, ਜਦੋਂ ਉਹ ਪੀਰ ਚੌਧਰੀ ਮੋੜ 'ਤੇ ਪੁੱਜਾ ਤਾਂ ਦੂਸਰੇ ਪਾਸੇ ਤੋਂ ਆਉਂਦੀ ਈ-ਰਿਕਸ਼ਾ ਨਾਲ ਉਸਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ, ਜਿਥੇ ਐਮਰਜੈਂਸੀ ਵਿਚ ਤਾਇਨਾਤ ਡਿਊਟੀ ਡਾਕਟਰ ਵਲੋਂ ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੇ ਇਲਾਜ ਤੋਂ ਬਾਅਦ ਜਲੰਧਰ ਦੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।