JALANDHAR WEATHER

ਟਿੱਬਾ ਵਿਖੇ ਐਕਸਪ੍ਰੈਸ ਵੇਅ ਦਾ ਕੰਮ ਤੀਜੇ ਦਿਨ ਵੀ ਰੁਕਿਆ, ਆਪਣੀਆਂ ਮੰਗਾਂ 'ਤੇ ਅੜੀ ਰੋਡ ਸੰਘਰਸ਼ ਕਮੇਟੀ

ਸੁਲਤਾਨਪੁਰ ਲੋਧੀ,8 ਜਨਵਰੀ (ਥਿੰਦ) ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪ੍ਰਭਾਵਿਤ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਵੱਲੋਂ ਐਕਵਾਇਰ ਜ਼ਮੀਨਾਂ ਦਾ ਯੋਗ ਮੁਆਵਜ਼ਾ ਨਾ ਦਿੱਤੇ ਜਾਣ, ਆਰਬੀਟਰੇਸ਼ਨ ਟ੍ਰਿਬਿਊਨਲ ਦੇ ਫੈਸਲੇ ਨੂੰ ਚੈਲੰਜ ਕੀਤੇ ਜਾਣ ਅਤੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕਟੜਾ ਅਤੇ ਜਾਮਨਗਰ ਬਠਿੰਡਾ ਐਕਸਪ੍ਰੈਸ ਵੇਅ ਦੇ ਸਮੁੱਚੇ ਨਿਰਮਾਣ ਕਾਰਜ ਰੋਕ ਕੇ ਪਿੰਡ ਟਿੱਬਾ ਵਿਖੇ ਦਿੱਤਾ ਜਾ ਰਿਹਾ ਅਣਮਿੱਥੇ ਸਮੇਂ ਦਾ ਧਰਨਾ ਅੱਜ ਤੀਜੇ ਦਿਨ ਵੀ ਲਗਾਤਾਰ ਜਾਰੀ ਰਿਹਾ।

ਇਸ ਮੌਕੇ ਧਰਨੇ ਤੇ ਬੈਠੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਤੇ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦਾ ਦੋਸ਼ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸੇ ਤਰ੍ਹਾਂ ਬੀਤੇ ਦਿਨ ਪ੍ਰਸ਼ਾਸਨ ਵੱਲੋਂ ਕੀਤੇ ਵਾਅਦੇ ਮੁਤਾਬਕ ਅੱਜ ਰੋਡ ਸੰਘਰਸ਼ ਕਮੇਟੀ ਅਤੇ ਡੀ ਆਰ ਓ ਕਪੂਰਥਲਾ ਮਨਦੀਪ ਸਿੰਘ ਮਾਨ, ਡੀ. ਐਸ. ਪੀ. ਹਰਗੁਰਦੇਵ ਸਿੰਘ ਜੰਮੂ ਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ਵਿਚ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਹਾਜ਼ਰ ਨਹੀਂ ਹੋਏ।

ਮੀਟਿੰਗ ਦੌਰਾਨ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ, ਪਰਮਜੀਤ ਸਿੰਘ ਤਲਵੰਡੀ ਚੌਧਰੀਆਂ, ਇੰਦਰਜੀਤ ਸਿੰਘ ਲਿਫਟਰ, ਤਰਸੇਮ ਸਿੰਘ ਰਣਧੀਰ ਪੁਰ, ਜਥੇਦਾਰ ਅਵਤਾਰ ਸਿੰਘ ਮੀਰੇ ਅਤੇ ਹਰਿੰਦਰ ਸਿੰਘ ਵੱਲੋਂ ਸੈਕਸ਼ਨ 34 ਤਹਿਤ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕੀਤੇ ਚੈਲੰਜ ਨੂੰ ਵਾਪਸ ਲੈਣ, ਬਿਨਾਂ ਮੁਆਵਜ਼ਾ ਦਿੱਤੇ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਐਵਾਰਡ ਤੈਅ ਕਰਨ, ਸਰਵਿਸ ਰੋਡ ਦੇਣ,ਪਾਇਪ ਲਾਇਨਾਂ ਅਤੇ ਰੁੱਖਾਂ ਦੇ ਪਾਸ ਕੀਤੇ ਪੈਸੇ ਦੇਣ,ਨਗਰ ਸਭਾ ਅਤੇ ਸ਼ਾਮਲਾਤ ਜ਼ਮੀਨਾਂ ਦੇ ਰੋਕੇ ਪੈਸੇ ਮਾਲਕ ਕਿਸਾਨਾਂ ਨੂੰ ਦੇਣ ਤੇ ਹੋਰ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਆਗੂਆਂ ਨੇ ਤਰੁੰਤ ਫੈਸਲਾ ਲੈ ਕੇ ਹੱਲ ਕਰਨ ਦੀ ਮੰਗ ਕੀਤੀ ਪਰ ਡੀ. ਆਰ. ਓ. ਵਲੋਂ ਇਨ੍ਹਾਂ ਮੰਗਾਂ ਲਈ ਸਮਾਂ ਨਿਸ਼ਚਿਤ ਨਾ ਕੀਤੇ ਜਾਣ ਉਤੇ ਕਮੇਟੀ ਆਗੂਆਂ ਨੇ ਇਤਰਾਜ਼ ਕੀਤਾ। ਆਗੂਆਂ ਨੇ ਇਤਰਾਜ਼ ਪ੍ਰਗਟਾਇਆ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਕਿਉਂ ਨਹੀਂ ਮੀਟਿੰਗ ਵਿੱਚ ਸ਼ਾਮਿਲ ਹੋਏ, ਕਿਉਂ ਕਿ ਬਹੁਤੀਆਂ ਮੰਗਾਂ ਉਨ੍ਹਾਂ ਨਾਲ਼ ਸੰਬੰਧਿਤ ਹਨ।ਇਸ ਮੌਕੇ ਡੀ ਆਰ ਓ ਨੇ ਪ੍ਰੋਜੈਕਟ ਡਾਇਰੈਕਟਰ ਨਾਲ਼ ਕਮੇਟੀ ਆਗੂਆਂ ਦੀ ਫ਼ੋਨ ਤੇ ਗੱਲਬਾਤ ਕੀਤੀ ਪਰ ਉਸ ਵੱਲੋਂ ਵੀ ਕੋਈ ਸਾਰਥਕ ਹੱਲ ਨਹੀਂ ਦਿੱਤਾ।

ਇਸ ਉਪਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਰੋਡ ਸੰਘਰਸ਼ ਕਮੇਟੀ ਦੀਆਂ ਮੰਗਾਂ ਸੁਣਨ ਉਪਰੰਤ ਡੀ. ਆਰ. ਓ. ਕਪੂਰਥਲਾ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਪ੍ਰਸ਼ਾਸਨਿਕ ਪੱਧਰ ਦੀਆਂ ਮੰਗਾਂ ਨੂੰ 10 ਦਿਨਾਂ ਦੇ ਅੰਦਰ ਹਰ ਹਾਲਤ ਵਿਚ ਹੱਲ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਕਮੇਟੀ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸੈਕਸ਼ਨ 34 ਤਹਿਤ ਆਰਬੀਟਰੇਸ਼ਨ ਟ੍ਰਿਬਿਊਨਲ ਦੇ ਫੈਸਲੇ ਨੂੰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਚੈਲੰਜ ਕੀਤੇ ਜਾਣ ਉਤੇ ਉਹ ਪ੍ਰੋਜੈਕਟ ਡਾਇਰੈਕਟਰ ਨਾਲ਼ ਗੱਲਬਾਤ ਕਰਨਗੇ। ਇਸ ਮੌਕੇ ਬਲਦੇਵ ਸਿੰਘ ਗਾਂਧਾ ਸਿੰਘ ਵਾਲਾ, ਜਸਵਿੰਦਰ ਸਿੰਘ ਬਈ, ਕੁਲਵਿੰਦਰ ਸਿੰਘ ਟਿੱਬਾ, ਸੁਖਦੇਵ ਸਿੰਘ ਬੈਟਰੀਆਂ ਵਾਲੇ,ਸੀਤਲ ਸਿੰਘ ਮੌਲੂ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ