JALANDHAR WEATHER

ਦਮਦਮੀ ਟਕਸਾਲ ਵਲੋਂ ਕਰਵਾਈ ਗਈ ਪੰਥਕ ਇਕੱਤਰਤਾ ਵਿਚ ਛੇ ਮਤੇ ਜੈਕਾਰਿਆਂ ਦੀ ਗੂੰਜ ਵਿਚ ਹੋਏ ਪ੍ਰਵਾਨ

ਸ੍ਰੀ ਅਨੰਦਪੁਰ ਸਾਹਿਬ ,14 ਮਾਰਚ (ਜੇ ਐੱਸ ਨਿੱਕੂਵਾਲ, ਕਰਨੈਲ ਸਿੰਘ ) -ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਹੋਈ ਪੰਥਕ ਇਕੱਤਰਤਾ ਵਿਚ ਛੇ ਮਤੇ ਪਾਸ ਕੀਤੇ ਗਏ ਜਿਸ ਵਿਚ ਸਾਰਿਆਂ ਤੋਂ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਬਾ ਟੇਕ ਸਿੰਘ ਧਨੌਲਾ ਦੀ ਤਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਨਿਯੁਕਤੀ ਨੂੰ ਰੱਦ ਕਰਨ ਦਾ ਜੈਕਾਰਿਆਂ ਦੀ ਗੂੰਜ ਵਿਚ ਐਲਾਨ ਕੀਤਾ ਗਿਆ । ਇਸ ਤੋਂ ਬਿਨਾਂ ਦੂਜੇ ਮਤੇ ਵਿਚ ਕਿਹਾ ਗਿਆ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ,ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਤੁਰੰਤ ਸੇਵਾ ਸੰਭਾਲ ਸੌਂਪ ਕੇ ਸ਼੍ਰੋਮਣੀ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ। ਤੀਜੇ ਮਤੇ ਵਿਚ ਅੰਤਰਿਮ ਕਮੇਟੀ ਦੇ ਤਿੰਨ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਸਿੰਘ ਸਾਹਿਬਾਨਾਂ ਨੂੰ ਹਟਾਉਣ ਦਾ ਵਿਰੋਧ ਕੀਤਾ ਸੀ ਅਤੇ ਬਾਕੀ 11 ਅੰਤਿਮ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ 17 ਮਾਰਚ ਤੋਂ ਪਹਿਲਾਂ ਪੁਰਾਣੇ ਜਥੇਦਾਰਾਂ ਦੀ ਸੇਵਾ ਸੰਭਾਲ ਅਤੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਰੱਦ ਕਰ ਕਰਵਾਉਣ ਲਈ ਯਤਨਸ਼ੀਲ ਹੋਵੇ । ਗਿਆਨੀ ਹਰਦੀਪ ਸਿੰਘ ਵਲੋਂ ਪੜੇ ਗਏ ਚੌਥੇ ਮਤੇ ਵਿਚ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਸੰਭਾਲ ਲਈ ਸਿੱਖ ਪੰਥ ਦੀ ਪ੍ਰਵਾਨਗੀ ਨਾਲ ਲਿਖਤੀ ਵਿਧੀ ਵਿਧਾਨ ਬਣਾਇਆ ਜਾਵੇ। ਪੰਜਵੇਂ ਮਤੇ ਵਿਚ ਹਰੇਕ ਸਿੱਖ ਆਪਣੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ 28 ਮਾਰਚ ਦੇ ਬਜਟ ਇਜਲਾਸ ਵਿਚ ਵਹੀਰਾਂ ਘੱਤ ਕੇ ਅੰਮ੍ਰਿਤਸਰ ਪਹੁੰਚੇ। ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤੇ ਗਏ ਛੇਵੇਂ ਮਤੇ ਵਿਚ ਸੰਗਤ ਵਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਅਪੀਲ ਕੀਤੀ ਗਈ ਕਿ ਉਹ ਸੰਤ ਮਹਾਂਪੁਰਸ਼ ਸਿੱਖ ਸੰਪਰਦਾਵਾਂ ਅਤੇ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਿੱਖ ਪੰਥ ਨੂੰ ਇਨ੍ਹਾਂ ਦਰਪੇਸ਼ ਸੰਕਟਾਂ ਤੋਂ ਬਾਹਰ ਕੱਢਣ ਲਈ ਅਗਵਾਈ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ