14 ਮਾਰਚ ਨੂੰ ਅਮਿਤ ਸ਼ਾਹ ਦੀ ਆਮਦ ਮੌਕੇ ਟ੍ਰੈਫਿਕ ਦੇ ਬਦਲੇ ਰੂਟ ਜਾਰੀ
ਮੋਗਾ, 13 ਮਾਰਚ- ਮੋਗਾ ਦੇ ਪਿੰਡ ਕਿਲੀ ਚਹਿਲ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਮੌਕੇ ਹੋਣ ਵਾਲੇ ਸਮਾਗਮ ਦੌਰਾਨ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਮੋਗਾ ਵਲੋਂ ਆਵਾਜਾਈ ਨੂੰ ਸੁਚਾਰੂ, ਸੁਰੱਖਿਅਤ ਅਤੇ ਨਿਰਵਿਘਨ ਬਣਾਉਣ ਲਈ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਲਈ ਬਦਲੇ ਹੋਏ ਰੂਟ ਨਿਰਧਾਰਤ ਕੀਤੇ ਗਏ ਹਨ, ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਬਦਲੇ ਹੋਏ ਰੂਟਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ...
1. ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਗੁਰੂ ਹਰਸਹਾਇ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਹੈ, ਉਹ ਤਲਵੰਡੀ ਭਾਈ, ਜ਼ੀਰਾ, ਕੋਟ ਈਸੇ ਖਾਂ, ਧਰਮਕੋਟ, ਸਿੱਧਵਾਂ ਬੇਟ ਰਾਹੀਂ ਲੁਧਿਆਣਾ ਜਾ ਸਕਦੇ ਹਨ। ਰੈਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਤਲਵੰਡੀ ਭਾਈ ਮੋਗਾ ਬੁੱਗੀਪੁਰਾ ਚੌਂਕ ਰਾਹੀਂ ਸਮਾਗਮ ਸਥਾਨ ਕਿਲੀ ਚਹਿਲ ਪਹੁੰਚ ਸਕਦੇ ਹਨ।
2. ਬਰਨਾਲਾ, ਸੰਗਰੂਰ, ਪਟਿਆਲਾ ਅਤੇ ਜੀਂਦ ਤੋਂ ਆਉਣ ਵਾਲੇ ਲੋਕ, ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਜਾਂ ਪਠਾਨਕੋਟ ਜਾਣਾ ਹੈ, ਉਹ ਹਿੰਮਤਪੁਰਾ, ਤਿਕੋਣੀ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਤੇ ਮੁਦਕੀ ਰਾਹੀਂ ਨੈਸ਼ਨਲ ਹਾਈਵੇ ‘ਤੇ ਜਾ ਸਕਦੇ ਹਨ।
3. ਅਬੋਹਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਉਣ ਵਾਲੇ ਲੋਕ, ਜਿਨ੍ਹਾਂ ਨੇ ਲੁਧਿਆਣਾ ਜਾਣਾ ਹੈ, ਉਹ ਕੋਟਕਪੂਰਾ, ਮੁਦਕੀ, ਜ਼ੀਰਾ, ਕੋਟ ਈਸੇ ਖਾਂ, ਸਿੱਧਵਾਂ ਬੇਟ ਰਾਹੀਂ ਲੁਧਿਆਣਾ ਪਹੁੰਚ ਸਕਦੇ ਹਨ।
4. ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਉਣ ਵਾਲੇ ਲੋਕ, ਜਿਨ੍ਹਾਂ ਨੇ ਅੱਗੇ ਫਿਰੋਜ਼ਪੁਰ, ਫਰੀਦਕੋਟ, ਜ਼ੀਰਾ ਅਤੇ ਫਾਜ਼ਿਲਕਾ ਜਾਣਾ ਹੈ, ਉਹ ਨਾਨਕਸਰ, ਗਾਲਿਬ ਕਲਾਂ, ਕੋਕਰੀ ਕਲਾਂ, ਕੋਟ ਈਸੇ ਖਾਂ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਸਕਦੇ ਹਨ।
5. ਹੁਸ਼ਿਆਰਪੁਰ, ਫਗਵਾੜਾ ਅਤੇ ਐਸ.ਬੀ.ਐਸ. ਨਗਰ ਤੋਂ ਆਉਣ ਵਾਲੇ ਲੋਕ, ਜਿਨ੍ਹਾਂ ਨੇ ਸਮਾਗਮ ਸਥਾਨ ‘ਤੇ ਪਹੁੰਚਣਾ ਹੈ, ਉਹ ਨਕੋਦਰ, ਮਹਿਤਪੁਰ ਸਿੱਧਵਾਂ ਬੇਟ, ਜਗਰਾਓਂ ਰਾਹੀਂ ਕਿਲੀ ਚਹਿਲ ਪਹੁੰਚ ਸਕਦੇ ਹਨ।
6. ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਅਤੇ ਪਠਾਨਕੋਟ ਤੋਂ ਆਉਣ ਵਾਲੇ ਲੋਕ, ਜਿਨ੍ਹਾਂ ਨੇ ਸਮਾਗਮ ਸਥਾਨ ‘ਤੇ ਪਹੁੰਚਣਾ ਹੈ, ਉਹ ਮੱਖੂ, ਜ਼ੀਰਾ, ਤਲਵੰਡੀ ਭਾਈ, ਮੋਗਾ ਬੁੱਗੀਪੁਰਾ ਚੌਕ ਰਾਹੀਂ ਕਿਲੀ ਚਹਿਲ ਪਹੁੰਚ ਸਕਦੇ ਹਨ।
ਲੋਕਾਂ ਦੀ ਸੁਵਿਧਾ ਲਈ ਜ਼ਿਲ੍ਹਾ ਮੋਗਾ ਕੰਟਰੋਲ ਰੂਮ ਦੇ ਮੋਬਾਈਲ ਨੰਬਰ 9780001879 ਅਤੇ 96568-96568 ਜਾਰੀ ਕੀਤੇ ਗਏ ਹਨ। ਟ੍ਰੈਫਿਕ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਸਹਾਇਤਾ ਲਈ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਪੁਲਿਸ ਵਲੋਂ ਸਮੂਹ ਜਨਤਾ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ ਕਿ ਨਿਰਧਾਰਤ ਕੀਤੇ ਗਏ ਬਦਲੇ ਹੋਏ ਰੂਟਾਂ ਦਾ ਹੀ ਇਸਤੇਮਾਲ ਕੀਤਾ ਜਾਵੇ, ਤਾਂ ਜੋ ਆਵਾਜਾਈ ਸੁਚਾਰੂ ਬਣੀ ਰਹੇ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
;
;
;
;
;
;
;
;