ਖੇਤਾਂ ਦੇ ਵਿਚ ਰਾਤ ਲੱਗੀ ਅੱਗ ਕਾਰਨ ਤੂੜੀ ਦੇ ਕੁੱਪ ਸਣੇ ਕਈ ਡੰਗਰ ਸੜੇ

ਟਾਂਡਾ ਉੜਮੁੜ, (ਹੁਸ਼ਿਆਰਪੁਰ), 2 ਮਈ (ਦੀਪਕ ਬਹਿਲ)- ਟਾਂਡਾ ਅਧੀਨ ਪੈਂਦੇ ਪਿੰਡ ਕਦਾਰੀ ਚੱਕ ਵਿਖੇ ਬੀਤੀ ਰਾਤ ਕਿਸਾਨਾਂ ਵਲੋਂ ਖੇਤਾਂ ਵਿਚ ਨਾੜ ਅਤੇ ਰਹਿੰਦ ਖੂੰਹਦ ਨੂੰ ਲਗਾਈ ਗਈ ਅੱਗ ਨੇ ਤੇਜ਼ ਹਨੇਰੀ ਤੇ ਤੂਫਾਨ ਕਾਰਨ ਵਿਕਰਾਲ ਰੂਪ ਧਾਰਨ ਕਰਦੇ ਹੋਏ ਪੂਰੇ ਪਿੰਡ ਨੂੰ ਆਪਣੀ ਚਪੇਟ ਵਿਚ ਲੈ ਲਿਆ। ਖੇਤਾਂ ਵਿਚ ਲੱਗੀ ਅੱਗ ਨੇ ਸ਼ਾਮ ਆਈ ਤੇਜ ਹਨੇਰੀ ਤੇ ਤੂਫ਼ਾਨ ਕਾਰਨ ਜਿੱਥੇ ਬੇਟ ਖੇਤਰ ਦੇ ਖੇਤਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਉੱਥੇ ਹੀ ਇਹ ਅੱਗ ਭਿਆਨਕ ਰੂਪ ਧਾਰਨ ਕਰਦੇ ਹੋਏ ਪਿੰਡ ਕਧਾਰੀ ਚੱਕ ਦੇ ਘਰਾਂ ਵਿਚ ਜਾ ਲੱਗੀ, ਜਿਸ ਕਾਰਨ ਪਿੰਡ ਵਾਸੀਆਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਅੱਗ ਕਾਰਨ ਕਈ ਕਿਸਾਨਾਂ ਦੇ ਕਈ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਗਏ। ਇਸ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਪਿੰਡ ਤਲਾ ਮਦਾ ਤੇ ਪਿੰਡ ਕਦਾਰੀ ਚੱਕ ਤੇ ਪਿੰਡ ਵਾਸੀਆਂ ਦੇ ਵੱਡੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ।