ਸੜਕ ਹਾਦਸੇ ਵਿਚ 4 ਦੀ ਮੌਤ


ਤਰਸਿੱਕਾ, (ਅੰਮ੍ਰਿਤਸਰ), 2 ਮਈ (ਅਤਰ ਸਿੰਘ ਤਰਸਿੱਕਾ)- ਅੰਮ੍ਰਿਤਸਰ ਮਹਿਤਾ ਰੋਡ ਪਿੰਡ ਜੀਵਨ ਪੰਧੇਰ ਨਜ਼ਦੀਕ ਵਰਨਾ ਕਾਰ ਤੇ ਟਿੱਪਰ ਦੀ ਟੱਕਰ ’ਚ ਦੋ ਔਰਤਾਂ ਤੇ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਗੁਰਦੇਵ ਸਿੰਘ (60) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੋਜਾ ਥਾਣਾ ਘੁਮਾਣ, ਧਰਮਿੰਦਰ ਸਿੰਘ (38) ਪੁੱਤਰ ਅਜਮੇਰ ਸਿੰਘ ਪਿੰਡ ਬੋਜਾ, ਮਲਕੀਅਤ ਕੌਰ (65) ਪਤਨੀ ਗੁਰਦੇਵ ਸਿੰਘ, ਪਰਮਜੀਤ ਕੌਰ (45) ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਬੱਲਪੁਰੀਆਂ ਵਜੋਂ ਹੋਈ ਹੈ। ਥਾਣਾ ਤਰਸਿੱਕਾ ਦੀ ਪੁਲਿਸ ਪਾਰਟੀ ਸਮੇਤ ਬਚਨ ਸਿੰਘ ਏ. ਐਸ. ਆਈ. ਤੁਰੰਤ ਮੌਕੇ ’ਤੇ ਪਹੁੰਚੇ ਤੇ ਲਾਸ਼ਾਂ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪਰਿਵਾਰ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਜਹਾਜ਼ ਚੜ੍ਹਾ ਕੇ ਵਾਪਸ ਆ ਰਹੇ ਸਨ ਕਿ ਅੱਡਾ ਖਜਾਲਾ ਦੇ ਦੀਪ ਪੈਲੇਸ ਨਜ਼ਦੀਕ ਮਹਿਤਾ ਚੌਂਕ ਤੋਂ ਆ ਰਹੇ ਬੱਜਰੀ ਨਾਲ ਭਰੇ ਟਿੱਪਰ ਨਾਲ ਸਿੱਧੀ ਟੱਕਰ ਹੋਣ ਨਾਲ ਇਹ ਹਾਦਸਾ ਵਾਪਰ ਗਿਆ।