ਸਿੱਖ ਸਰੋਕਾਰਾਂ ਸਬੰਧੀ ਫਿਲਮਾਂ ਦਾ ਨਿਰਮਾਣ ਹੋਣ ਜਾਂ ਨਾ ਹੋਣ ਬਾਰੇ ਵਿਚਾਰ ਲਈ ਜਥੇ. ਗੜਗੱਜ ਦੀ ਅਗਵਾਈ 'ਚ ਸਿੱਖ ਜਥੇਬੰਦੀਆਂ ਤੇ ਵਿਦਵਾਨਾਂ ਦੀ ਹੋਈ ਇਕੱਤਰਤਾ

ਅੰਮ੍ਰਿਤਸਰ, 2 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸਿੱਖ ਸਰੋਕਾਰਾਂ ਸਬੰਧੀ ਫਿਲਮਾਂ ਦਾ ਨਿਰਮਾਣ ਹੋਣ ਜਾਂ ਨਾ ਹੋਣ ਬਾਰੇ ਵਿਚਾਰ ਚਰਚਾ ਕਰਨ ਲਈ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸਿੱਖ ਬੁੱਧੀਜੀਵੀਆਂ ਦੀ ਇਕੱਤਰਤਾ ਬੁਲਾਈ ਗਈ। ਕਰੀਬ ਚਾਰ ਘੰਟੇ ਚੱਲੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਕਈ ਜਥੇਬੰਦੀਆਂ ਅਤੇ ਵਿਦਵਾਨਾਂ ਵਲੋਂ ਸਿੱਖ ਧਰਮ ਅਤੇ ਇਤਿਹਾਸ ਬਾਰੇ ਫਿਲਮਾਂ ਦਾ ਨਿਰਮਾਣ ਹੋਣ ਜਾਂ ਨਾ ਹੋਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਅਜਿਹੀਆਂ ਹੋਰ ਵੀ ਇਕੱਤਰਤਾਵਾਂ ਕੀਤੀਆਂ ਜਾਣਗੀਆਂ ਤੇ ਇਸ ਤੋਂ ਬਾਅਦ ਸਿੱਖ ਵਿਦਵਾਨਾਂ ਦੀ ਕਮੇਟੀ ਬਣਾ ਕੇ ਇਸ ਸਬੰਧੀ ਨਿਯਮ ਤੈਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਸਮਿਆਂ ਵਿਚ ਕਈ ਮਤੇ ਪਾਸ ਕਰਕੇ ਇਸ ਸਬੰਧੀ ਸਿੱਖਾਂ ਨੂੰ ਸਿੱਖ ਗੁਰੂ ਸਾਹਿਬਾਨ, ਸਿੱਖ ਗੁਰੂ ਪਰਿਵਾਰਾਂ ਅਤੇ ਸਿੱਖ ਸ਼ਹੀਦਾਂ ਬਾਰੇ ਫਿਲਮਾਂ ਨੂੰ ਪ੍ਰਵਾਨਗੀ ਨਾ ਦੇਣ ਸਬੰਧੀ ਸਪੱਸ਼ਟ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਠੋਸ ਫੈਸਲਾ ਇਸ ਸਬੰਧੀ ਨਹੀਂ ਲਿਆ ਜਾਂਦਾ, ਉਦੋਂ ਤੱਕ ਪਿਛਲੇ ਸਮਿਆਂ ਵਿਚ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਵਲੋਂ ਪਾਸ ਮਤਿਆਂ ਅਨੁਸਾਰ ਹੀ ਚੱਲਿਆ ਜਾਵੇਗਾ ਅਤੇ ਅਗਲੀਆਂ ਇਕੱਤਰਤਾਵਾਂ ਤੋਂ ਬਾਅਦ ਕੋਈ ਠੋਸ ਫੈਸਲਾ ਲਿਆ ਜਾਵੇਗਾ।