ਪਾਕਿਸਤਾਨੀ ਪਾਸਪੋਰਟ ਵਾਲੀਆਂ ਔਰਤਾਂ ਬੱਚਿਆਂ ਨੂੰ ਛੱਡ ਕੇ ਰੋਂਦੀਆਂ ਕੁਰਲਾਉਂਦੀਆਂ ਪਾਕਿ ਰਵਾਨਾ

ਅਟਾਰੀ (ਅੰਮ੍ਰਿਤਸਰ), 2 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ ਤੋਂ 21 ਪਾਕਿਸਤਾਨੀ ਨਾਗਰਿਕ ਅੱਜ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਹੋਏ। ਇਨ੍ਹਾਂ ਵਿਚ ਕਈ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦੇ 10-15 ਸਾਲ ਤੋਂ ਭਾਰਤ ਵਿਖੇ ਨਿਕਾਹ ਹੋਏ ਪਰ ਪਾਸਪੋਰਟ ਪਾਕਿਸਤਾਨੀ ਸਨ। ਇੰਟੀਗਰੇਟਡ ਚੈੱਕ ਪੋਸਟ ਅਟਾਰੀ ਵਿਖੇ ਤਾਇਨਾਤ ਇਮੀਗ੍ਰੇਸ਼ਨ ਦੇ ਉੱਚ ਅਧਿਕਾਰੀ ਪਾਕਿਸਤਾਨੀ ਪਾਸਪੋਰਟ ਵਾਲਿਆਂ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਚੰਗੀ ਤਰ੍ਹਾਂ ਸਮਝਾਉਂਦੇ ਹੋਏ ਉਨ੍ਹਾਂ ਨੂੰ ਆਈ.ਸੀ.ਪੀ. ਅੰਦਰ ਲਿਜਾ ਰਹੇ ਸਨ। ਔਰਤਾਂ ਦੇ ਫਾਰਮ ਭਰਨ ਦੀ ਸਹੂਲਤ ਤੋਂ ਬਾਅਦ ਇਮੀਗਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਉਨ੍ਹਾਂ ਨੂੰ ਪਾਕਿਸਤਾਨ ਰਵਾਨਾ ਕਰ ਦਿੱਤਾ ਗਿਆ। ਇਕ ਮਈ ਨੂੰ ਵੀ ਇਹ ਲੋਕ ਅਟਾਰੀ ਸਰਹੱਦ ਉਤੇ ਪਹੁੰਚੇ ਪਰ 30 ਮਈ ਤੱਕ ਜਾਣ ਦੇ ਹੁਕਮ ਜਾਰੀ ਸਨ, ਜਿਸ ਕਾਰਨ ਵਾਪਸ ਚਲੇ ਗਏ ਸੀ। ਨਵੇਂ ਹੁਕਮਾਂ ਅਨੁਸਾਰ ਇਨ੍ਹਾਂ ਨੂੰ 2 ਮਈ ਵਾਲੇ ਦਿਨ ਪਾਕਿਸਤਾਨ ਭੇਜ ਦਿੱਤਾ ਗਿਆ।