ਅਮਨ ਅਰੋੜਾ ਨੇ 12 ਕਰੋੜ ਤੋਂ ਵਧੇਰੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

ਲੌਂਗੋਵਾਲ, 4 ਮਈ (ਵਿਨੋਦ, ਖੰਨਾ) - ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਲੌਂਗੋਵਾਲ ਨਿਵਾਸੀਆਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ 12 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖੇ ਹਨ। ਇਨ੍ਹਾਂ ਵਿਕਾਸ ਕਾਰਜਾਂ ਵਿਚ 10.97 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਮਾਤਾ ਧਰਮ ਕੌਰ ਸਰਕਾਰੀ ਹਸਪਤਾਲ ਦੀ 30 ਬੈੱਡ ਦੇ ਹਸਪਤਾਲ ਦੀ ਨਵੀਂ ਬਿਲਡਿੰਗ ਵੀ ਸ਼ਾਮਿਲ ਹੈ। ਹਸਪਤਾਲ ਦੀ ਆਧੁਨਿਕ ਬਿਲਡਿੰਗ ਤੋਂ ਬਾਅਦ ਉਨ੍ਹਾਂ 38.23 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੀ ਉਸਾਰੀ ਦੇ ਕੰਮ ਦਾ ਅਤੇ 79.86 ਲੱਖ ਰੁਪਏ ਦੀ ਲਾਗਤ ਨਾਲ ਲੋਂਗੋਵਾਲ ਸ਼ਹਿਰ ਵਿਚ ਸੜਕਾਂ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਲਗਭਗ 11 ਕਰੋੜ ਰੁਪਏ ਦੇ ਲਾਗਤ ਨਾਲ ਬਣਨ ਵਾਲੇ ਇਸ 2 ਮੰਜ਼ਿਲਾ ਆਧੁਨਿਕ ਹਸਪਤਾਲ ਵਿਚ ਆਧੁਨਿਕ ਮੈਡੀਕਲ ਉਪਕਰਨ ਹੋਣਗੇ । ਇਸ ਮੌਕੇ ਉਹਨਾਂ ਸੰਬਧਿਤ ਠੇਕੇਦਾਰ ਨੂੰ ਤਾਕੀਦ ਕੀਤੀ ਕਿ ਇਸ ਹਸਪਤਾਲ ਨੂੰ ਤੈਅ ਸਮੇਂ ਵਿਚ ਅਜਿਹਾ ਹਸਪਤਾਲ ਬਣਾਇਆ ਜਾਵੇ ਕਿ ਦੂਜੇ ਲੋਕ ਆ ਕੇ ਵੇਖਣ।