ਸ੍ਰੀ ਅਨੰਦਪੁਰ ਸਾਹਿਬ ਵਿਚ ਪੂਰਨ ਬਲੈਕ ਆਊਟ
ਸ੍ਰੀ ਅਨੰਦਪੁਰ ਸਾਹਿਬ, 9 ਮਈ (ਜੇ. ਐਸ. ਨਿੱਕੂਵਾਲ)-ਦੇਸ਼ ਅੰਦਰ ਪੈਦਾ ਹੋਏ ਜੰਗ ਦੇ ਹਾਲਾਤਾਂ ਦੇ ਚਲਦੇ ਜਿੱਥੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਲੈਕ ਆਊਟ ਕੀਤਾ ਜਾ ਰਿਹਾ ਉੱਥੇ ਹੀ ਗੁਰੂਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਅੱਜ 8 ਵਜੇ ਤੋਂ 10 ਵਜੇ ਤੱਕ ਪੂਰਨ ਤੌਰ ਤੇ ਬਲੈਕ ਆਊਟ ਕੀਤਾ ਗਿਆ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਪਹਿਲੀ ਵਾਰ ਬਲੈਕ ਆਊਟ ਕੀਤਾ ਗਿਆ ਹੋਵੇ। ਦੱਸਣ ਯੋਗ ਹੈ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਬਾਹਰੀ ਲਾਈਟਾਂ ਪੂਰਨ ਤੌਰ ਤੇ ਬੰਦ ਕੀਤੀਆਂ ਗਈਆਂ ਹਾਲਾਂਕਿ ਕੀਰਤਨ ਦਾ ਪ੍ਰਵਾਹ ਨਿਰੰਤਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਾਰੀ ਰਿਹਾ ਤੇ ਇਸ ਤੋਂ ਇਲਾਵਾ ਜਿੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰੱਖੇ ਗਏ ਹਨ ਉਹਨਾਂ ਕਮਰਿਆਂ ਦੀਆਂ ਅੰਦਰੂਨੀ ਲਾਈਟਾਂ ਚੱਲ ਰਹੀਆਂ ਸਨ। ਦੱਸਣ ਯੋਗ ਹੈ ਕਿ ਮੌਜੂਦਾ ਹਾਲਾਤਾਂ ਦੇ ਚਲਦਿਆਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਸੰਗਤ ਦੀ ਆਮਦ ਨਾ ਮਾਤਰ ਦੇਖਣ ਨੂੰ ਮਿਲੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਚਲਦਿਆਂ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਆਮ ਨਾਲੋਂ ਸੰਗਤ ਦੀ ਗਿਣਤੀ ਘੱਟ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ ਤੇ ਦੀਪਕ ਆਂਗਰਾ ਨੇ ਜਾਣਕਾਰੀ ਦਿੱਤੀ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਪਾਰੀ ਵਰਗ ਵੱਲੋਂ ਹਰ ਰੋਜ਼ ਸ਼ਾਮ 7.30 ਵਜੇ ਦੁਕਾਨਾਂ ਨੂੰ ਅਗਲੇ ਦੇਸ਼ਾਂ ਤੱਕ ਬੰਦ ਕੀਤਾ ਜਾਵੇਗਾ।।