ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਦੇ ਅਕਾਲ ਚਲਾਣੇ 'ਤੇ ਭਾਈ ਲੌਂਗੋਵਾਲ ਵਲੋਂ ਦੁੱਖ ਪ੍ਰਗਟ

ਲੌਂਗੋਵਾਲ, 11 ਮਈ (ਸ.ਸ.ਖੰਨਾ)-ਖ਼ਾਲਸਾ ਪੰਥ ਦੀ ਉੱਘੀ ਸ਼ਖ਼ਸੀਅਤ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੇ ਅਕਾਲ ਚਲਾਣੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਉਨ੍ਹਾਂ ਕਿਹਾ ਗਿਆਨੀ ਜੀ ਨੇ ਲੰਮਾ ਸਮਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਈਆਂ, ਉਨ੍ਹਾਂ ਦੇ ਅਕਾਲ ਚਲਾਣੇ ਉੱਤੇ ਗਹਿਰਾ ਦੁੱਖ ਪੁੱਜਾ ਹੈ। ਉਹ ਇਸ ਸਮੇਂ ਕੈਨੇਡਾ ਦੇ ਵੈਨਕੁਵਰ ਵਿਖੇ ਆਪਣੇ ਬੱਚਿਆਂ ਕੋਲ ਰਹਿ ਰਹੇ ਸਨ। ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਸਿੱਖੀ ਸਿਧਾਂਤਾਂ ਪ੍ਰਤੀ ਬਹੁਤ ਹੀ ਸੰਜੀਦਾ ਅਤੇ ਦ੍ਰਿੜ੍ਹ ਸ਼ਖ਼ਸੀਅਤ ਸਨ । ਜੋ ਆਪਣੇ ਵਿਲੱਖਣ ਸੁਭਾਅ ਕਰਕੇ ਜਾਣੇ ਗਏ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹੀ ਗੁਰੂ ਘਰ ਨੂੰ ਸਮਰਪਿਤ ਹੁੰਦਿਆਂ ਆਪਣੀ ਨਿੱਜੀ ਜਾਇਦਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ ਕਰ ਦਿੱਤੀ ਸੀ। ਅਜਿਹੇ ਗੁਰਸਿੱਖ ਸਮੁੱਚੇ ਸਿੱਖ ਜਗਤ ਲਈ ਪ੍ਰੇਰਣਾਸਰੋਤ ਹਨ। ਕਰਤਾ ਪਰੁਖ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।