ਨਵਾਂ ਬਣਿਆ ਰਜਵਾਹਾ ਕੁਝ ਸਮੇਂ ਬਾਅਦ ਹੀ ਵੱਖ ਵੱਖ ਥਾਵਾਂ ਤੋਂ ਟੁੱਟਿਆ

ਪਾਤੜਾਂ, 11 ਮਈ (ਗੁਰਇਕਬਾਲ ਸਿੰਘ ਖਾਲਸਾ) - ਪੰਜਾਬ ਸਰਕਾਰ ਵਲੋਂ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਾਉਣ ਲਈ ਨਵੇਂ ਰਜਵਾਹੇ ਬਣਾਏ ਜਾ ਰਹੇ ਹਨ ਪਰ ਉਥੇ ਹੀ ਪਾਤੜਾਂ ਨਜ਼ਦੀਕ ਨਿਆਲ ਬਾਈਪਾਸ 'ਤੇ ਨਵਾਂ ਬਣਿਆ ਰਜਵਾਹਾ ਕੁਝ ਹੀ ਸਮੇਂ ਵਿਚ ਵੱਖ-ਵੱਖ ਥਾਵਾਂ ਤੋਂ ਟੁੱਟ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਬਣੇ ਇਸ ਰਜਵਾਹੇ ਵਿਚ ਇੰਨੀ ਜਲਦੀ ਪਾੜ ਪੈਣ ਕਾਰਨ ਇਲਾਕੇ ਦੇ ਲੋਕਾਂ ਨੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸੰਬੰਧੀ ਇਸ ਰਜਵਾਹੇ ਦੇ ਠੇਕੇਦਾਰ ਭਰਤ ਕੁਮਾਰ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਰਜਵਾਹੇ ਨਾਲ ਲੱਗੇ ਕੁਝ ਦਰਖਤਾਂ ਅਤੇ ਉੱਥੇ ਰਹਿੰਦੇ ਲੋਕਾਂ ਵਲੋਂ ਇਸ ਰਜਵਾਹੇ ਵਿਚ ਆਪਣੇ ਘਰ ਦਾ ਪਾਣੀ ਪਾਉਣ ਕਾਰਨ ਇਹ ਪਾੜ ਪਾਏ ਹਨ, ਜਿਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।