ਅਟਾਰੀ ਸਰਹੱਦ 'ਤੇ ਸੈਲਾਨੀਆਂ ਦੇ ਗਿੱਧੇ ਭੰਗੜੇ ਨਾਲ ਸ਼ੁਰੂ ਹੋਈ ਝੰਡੇ ਦੀ ਰਸਮ

ਅਟਾਰੀ, ਅੰਮ੍ਰਿਤਸਰ, 20 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਦੀ ਅਟਾਰੀ ਸਰਹੱਦ ਉਤੇ ਅੱਜ ਸ਼ਾਮ ਬੀ.ਐਸ.ਐਫ. ਵਲੋਂ ਝੰਡੇ ਦੀ ਰਸਮ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਸਥਾਨਕ ਲੋਕ ਵੱਡੀ ਗਿਣਤੀ ਵਿਚ ਅਟਾਰੀ ਸਰਹੱਦ ਉਤੇ ਪਹੁੰਚੇ। ਬੀ.ਐਸ.ਐਫ. ਵਲੋਂ ਪਹਿਲਾਂ ਦੀ ਤਰ੍ਹਾਂ ਅੱਜ ਅਟਾਰੀ ਸਰਹੱਦ ਉਤੇ 4 ਵਜੇ ਤੋਂ ਹੀ ਦੇਸ਼ ਭਗਤੀ ਦੇ ਗੀਤ ਅਤੇ ਪੰਜਾਬੀ ਹਿੰਦੀ ਫਿਲਮਾਂ ਦੇ ਗਾਣੇ ਲਗਾ ਕੇ ਆਏ ਸੈਂਕੜੇ ਸੈਲਾਨੀਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਸੈਲਾਨੀਆਂ ਵਲੋਂ ਹਿੰਦੁਸਤਾਨ ਜ਼ਿੰਦਾਬਾਦ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਨੱਚਦਿਆਂ ਟੱਪਦਿਆਂ ਗਿੱਧੇ ਭੰਗੜੇ ਨਾਲ ਭਰਪੂਰ ਮਨੋਰੰਜਨ ਕੀਤਾ ਤੇ ਰਿਟ੍ਰੀਟ ਸੈਰੇਮਨੀ ਮੁੜ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸੈਲਾਨੀਆਂ ਜਿਨ੍ਹਾਂ ਵਿਚ ਜ਼ਿਆਦਾਤਰ ਮਹਿਲਾਵਾਂ ਤੇ ਬੱਚੇ ਸ਼ਾਮਿਲ ਸਨ, ਉਨ੍ਹਾਂ ਨੇ ਅਟਾਰੀ ਸਰਹੱਦ ਉਤੇ ਦੇਸ਼ ਦੇ ਕੌਮਾਂਤਰੀ ਝੰਡੇ ਨੂੰ ਹੱਥ ਵਿਚ ਫੜ ਕੇ ਦੌੜ ਲਗਾ ਕੇ ਦੇਸ਼ ਭਗਤੀ ਦਾ ਜਜ਼ਬਾ ਦਰਸਾਇਆI