ਅਮਰੀਕਾ: ਯਹੂਦੀ ਮਿਊਜ਼ੀਅਮ ਦੇ ਬਾਹਰ ਗੋਲੀਬਾਰੀ, ਇਜ਼ਰਾਇਲੀ ਦੂਤਾਵਾਸ ਦੇ 2 ਅਧਿਕਾਰੀਆਂ ਦੀ ਹੱਤਿਆ

ਵਾਸ਼ਿੰਗਟਨ, ਡੀ. ਸੀ., 22 ਮਈ- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਯਹੂਦੀ ਅਜਾਇਬ ਘਰ ਦੇ ਬਾਹਰ ਬੀਤੀ ਰਾਤ ਕਰੀਬ 9:05 ਵਜੇ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸ਼ਹਿਰ ਦੇ ਇਕ ਭੀੜ-ਭੜੱਕੇ ਵਾਲੇ ਇਲਾਕੇ ਵਿਚ ਵਾਪਰੀ, ਜਿੱਥੇ ਕਈ ਅਜਾਇਬ ਘਰ, ਸਰਕਾਰੀ ਦਫ਼ਤਰ ਅਤੇ ਇਕ ਐਫ਼.ਬੀ.ਆਈ. ਦਫ਼ਤਰ ਵੀ ਸਥਿਤ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਇਕ ਆਦਮੀ ਅਤੇ ਇਕ ਔਰਤ ਸ਼ਾਮਿਲ ਹੈ। ਘਟਨਾ ਦੇ ਸਮੇਂ, ਦੋਵੇਂ ਕਰਮਚਾਰੀ ਕੈਪੀਟਲ ਯਹੂਦੀ ਅਜਾਇਬ ਘਰ ਤੋਂ ਬਾਹਰ ਆ ਰਹੇ ਸਨ। ਅਮਰੀਕਾ ਦੀ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਕਿਹਾ ਕਿ ਇਹ ਇਕ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਵਾਂਗ ਸੀ। ਫਿਲਹਾਲ ਹਮਲਾਵਰ ਦੀ ਭਾਲ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਪੀੜਤਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਇਸ ਸੰਬੰਧੀ ਇਜ਼ਰਾਈਲੀ ਦੁਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਸਥਾਨਕ ਅਤੇ ਸੰਘੀ ਪੱਧਰ ’ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ’ਤੇ ਪੂਰਾ ਭਰੋਸਾ ਹੈ ਕਿ ਉਹ ਇਸ ਸੰਬੰਧੀ ਜਲਦ ਕਾਰਵਾਈ ਕਰਨਗੇ ਤੇ ਦੋਸ਼ੀਆਂ ਨੂੰ ਫੜ੍ਹ ਇਜ਼ਰਾਈਲ ਦੇ ਪ੍ਰਤੀਨਿਧਾਂ ਤੇ ਯਹੂਦੀ ਭਾਈਚਾਰੇ ਦੀ ਰੱਖਿਆ ਕਰਨਗੇ।