JALANDHAR WEATHER

ਝੂਠੀ ਕਹਾਣੀ ਸਿਰਜ ਕੇ ਗੈਂਗਰੇਪ ਤੇ ਲੁੱਟ ਦੀ ਵਾਰਦਾਤ ਨਿਕਲੀ ਫਰਜ਼ੀ, ਪੁਲਿਸ ਵਲੋਂ ਮਹਿਲਾ ਗ੍ਰਿਫਤਾਰ

ਗੁਰੂਸਰ ਸੁਧਾਰ, (ਲੁਧਿਆਣਾ), 23 ਮਈ (ਜਗਪਾਲ ਸਿੰਘ ਸਿਵੀਆਂ)- ਨਵੀਂ ਆਬਾਦੀ ਅਕਾਲਗੜ੍ਹ ਦੀ ਸੈਨਿਕ ਕਲੋਨੀ ’ਚ ਰਹਿਣ ਵਾਲੀ ਇਕ 30 ਸਾਲਾ ਮਹਿਲਾ ਦੀ ਗੈਂਗਰੇਪ ਅਤੇ ਲੁੱਟ ਦੀ ਸਨਸਨੀਖੇਜ਼ ਕਹਾਣੀ ਪੁਲਿਸ ਜਾਂਚ ’ਚ ਝੂਠ ਦਾ ਪੁਲੰਦਾ ਸਾਬਤ ਹੋਈ। ਮਹਿਲਾ ਨੇ ਆਪਣੇ ਸੋਨੇ-ਚਾਂਦੀ ਦੇ ਗਹਿਣੇ ਖੁਦ ਛੁਪਾ ਕੇ ਪੁਲਿਸ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਦਾ ਡਰਾਮਾ ਰਚਿਆ। ਸੁਧਾਰ ਥਾਣੇ ਦੀ ਪੁਲਿਸ ਨੇ 24 ਘੰਟਿਆਂ ’ਚ ਹੀ ਮਾਮਲੇ ਦੀ ਤਹਿ ਤੱਕ ਪਹੁੰਚਦਿਆਂ ਮਹਿਲਾ ਨੂੰ ਹਿਰਾਸਤ ’ਚ ਲੈ ਲਿਆ ਅਤੇ 5 ਤੋਲੇ ਸੋਨੇ, 1 ਕਿਲੋ ਚਾਂਦੀ ਦੇ ਗਹਿਣੇ ਤੇ 5 ਹਜ਼ਾਰ ਰੁਪਏ ਬਰਾਮਦ ਕਰ ਲਏ। ਥਾਣਾ ਮੁਖੀ ਸੁਧਾਰ ਅੱਜ ਦੁਪਹਿਰ ਮੀਡੀਆ ਸਾਹਮਣੇ ਇਸ ਘਟਨਾ ਦੇ ਸਾਰੇ ਪਹਿਲੂਆਂ ’ਤੇ ਚਾਨਣਾ ਪਾਉਣਗੇ। ਮਾਮਲਾ ਬੁੱਧਵਾਰ ਸ਼ਾਮ ਦਾ ਹੈ, ਜਦੋਂ ਮਹਿਲਾ ਨੇ ਗੁਆਂਢੀਆਂ ਨੂੰ ਫੋਨ ’ਤੇ ਦੱਸਿਆ ਕਿ 4 ਨੌਜਵਾਨ ਬਿਜਲੀ ਵਿਭਾਗ ਦੇ ਮੁਲਾਜ਼ਮ ਬਣਕੇ ਉਸ ਦੇ ਘਰ ’ਚ ਵੜੇ ਅਤੇ ਚਾਕੂ ਦੀ ਨੋਕ ’ਤੇ ਗੈਂਗਰੇਪ ਕਰਕੇ ਨਕਦੀ ਤੇ ਗਹਿਣੇ ਲੁੱਟ ਗਏ। ਪੁਲਿਸ ਨੇ ਤੁਰੰਤ ਮਹਿਲਾ ਨੂੰ ਮੈਡੀਕਲ ਜਾਂਚ ਲਈ ਸੁਧਾਰ ਅਤੇ ਫਿਰ ਲੁਧਿਆਣਾ ਦੇ ਹਸਪਤਾਲ ਭੇਜਿਆ। ਰਾਤ 11 ਵਜੇ ਮਹਿਲਾ ਦੇ ਬਿਆਨਾਂ ’ਤੇ ਕੇਸ ਦਰਜ ਹੋਇਆ, ਪਰ ਵੀਰਵਾਰ ਨੂੰ ਜਾਂਚ ਨੇ ਨਵਾਂ ਮੋੜ ਲਿਆ। ਸੀ.ਸੀ.ਟੀ.ਵੀ. ਫੁਟੇਜ ’ਚ ਕੋਈ ਵੀ ਸ਼ੱਕੀ ਵਿਅਕਤੀ ਘਰ ’ਚ ਦਾਖਲ ਹੁੰਦਾ ਨਾ ਦਿਖਿਆ। ਪੁਲਿਸ ਦੀ ਸਖ਼ਤ ਪੁੱਛਗਿੱਛ ’ਚ ਮਹਿਲਾ ਨੇ ਝੂਠ ਕਬੂਲ ਲਿਆ ਤੇ ਜਾਣਕਾਰੀ ਦਿੱਤੀ ਕਿ ਉਸ ਨੇ ਪਰਿਵਾਰਕ ਗਹਿਣੇ ਚੋਰੀ ਕਰਨ ਲਈ ਇਹ ਕਹਾਣੀ ਬਣਾਈ ਸੀ। ਮਹਿਲਾ ਦੇ ਪਤੀ ਦੀ ਮੌਤ 6 ਮਹੀਨੇ ਪਹਿਲਾਂ ਹੋਈ ਸੀ ਅਤੇ ਘਟਨਾ ਸਮੇਂ ਉਸ ਦਾ ਸਹੁਰਾ, ਜੋ ਰਿਟਾਇਰਡ ਏਅਰਫੋਰਸ ਅਫਸਰ ਹੈ, ਪਤਨੀ ਸਮੇਤ ਲੁਧਿਆਣਾ ਸੀ। ਪੁਲਿਸ ਨੇ ਮਹਿਲਾ ਦੇ ਪਰਿਵਾਰ ਨੂੰ ਅਗਲੇਰੀ ਕਾਰਵਾਈ ਲਈ ਬੁਲਾਇਆ ਹੈ ਅਤੇ ਅਜਿਹੇ ਝੂਠੇ ਮਾਮਲਿਆਂ ’ਤੇ ਸਖ਼ਤੀ ਨਾਲ ਨਜਿੱਠਣ ਦਾ ਐਲਾਨ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ