ਐਚ.ਟੀ., ਸੀ. ਐੱਚ. ਟੀ. ਦੀਆਂ ਪ੍ਰਮੋਸ਼ਨਾਂ ਜਲਦ ਹੋਣ - ਵਡਾਲੀ, ਧਵਨ
ਅੰਮ੍ਰਿਤਸਰ, 23 ਮਈ-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਲੋਂ ਅਧਿਆਪਕਾਂ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ ਦੀ ਅਗਵਾਈ ਵਿਚ ਡੀ. ਈ. ਓ. ਐਲੀਮੈਂਟਰੀ ਕੰਵਲਜੀਤ ਸਿੰਘ ਨੂੰ ਮਿਲਿਆ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਰਕੇਸ਼ ਧਵਨ ਨੇ ਕਿਹਾ ਕਿ ਹੋਰ ਅਧਿਆਪਕ ਮਸਲਿਆਂ ਦੇ ਨਾਲ ਮੁੱਖ ਤੌਰ ਉਤੇ ਪ੍ਰਾਇਮਰੀ ਕੇਡਰ ਅਧਿਆਪਕਾਂ ਦੀਆਂ ਬਤੌਰ ਮੁੱਖ ਅਧਿਆਪਕ ਤੇ ਸੈਂਟਰ ਮੁੱਖ ਅਧਿਆਪਕ ਪ੍ਰਮੋਸ਼ਨਾਂ ਵਿਚ ਦੇਰੀ ਹੋਣ ਉਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਰੋਸ ਜਤਾਇਆ ਗਿਆ। ਇਸ ਉਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਦਫ਼ਤਰ ਵਲੋਂ ਪ੍ਰਮੋਸ਼ਨਾਂ ਕਰਨ ਦੀ ਪੂਰੀ ਤਿਆਰੀ ਹੈ ਪਰ ਡਾਇਰੈਕਟਰ ਸੋਸ਼ਲ ਵੈਲਫੇਅਰ ਪੰਜਾਬ ਦੇ ਦਫ਼ਤਰ ਵਿਖੇ ਰੋਸਟਰ ਬਣਨ ਵਿਚ ਦੇਰੀ ਹੋ ਰਹੀ ਹੈ ਜਿਨ੍ਹਾਂ ਵੱਖ-ਵੱਖ ਕਿਸਮ ਦੇ ਅੰਗਹੀਣ ਕੇਸਾਂ ਸਬੰਧੀ ਘੋਖ ਕਰਨੀ ਹੈ। ਇਸ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਲੋਂ ਮੰਗ-ਪੱਤਰ ਦਿੰਦਿਆਂ ਕਿਹਾ ਗਿਆ ਕਿ ਯੂਨੀਅਨ ਦਾ ਰੋਸ ਉੱਚ ਅਧਿਕਾਰੀਆਂ ਤੱਕ ਪਹੁੰਚਦਾ ਕੀਤਾ ਜਾਵੇ। ਯੂਨੀਅਨ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਕਿ ਇਸ ਮਸਲੇ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਪ੍ਰਮੋਸ਼ਨਾਂ ਨਹੀਂ ਹੋ ਰਹੀਆਂ। ਯੂਨੀਅਨ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਅੰਦਰ ਲਗਭਗ 700 ਦੇ ਕਰੀਬ ਖਾਲੀ ਪੋਸਟਾਂ ਵੀ ਭਰੀਆਂ ਜਾਣ ਤਾਂ ਸਰਕਾਰ ਦੀ ਸਿੱਖਿਆ ਕ੍ਰਾਂਤੀ ਰਾਹ ਵਿਚ ਹੀ ਦਮ ਨਾ ਤੋੜ ਜਾਵੇ। ਇਸ ਮੌਕੇ ਜ਼ਿਲ੍ਹਾ ਆਗੂ ਉਂਕਾਰ ਸਿੰਘ, ਦਿਨੇਸ਼ ਕੁਮਾਰ, ਭੁਪਿੰਦਰ ਸਿੰਘ ਸੋਖੀ, ਧਰਮਿੰਦਰ ਛੀਨਾ, ਅਜੈਪਾਲ, ਯੋਗਪਾਲ, ਸ਼ਰਨਜੀਤ ਕੁਮਾਰ, ਧਿਆਨ ਰਾਮ ਸਮੇਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਜਸਵੰਤ ਰਾਏ ਤੇ ਬਲਕਾਰ ਸਿੰਘ ਵਲਟੋਹਾ ਵੀ ਹਾਜ਼ਰ ਸਨ।