ਮਸ਼ਹੂਰ ਮਲਿਆਲਮ ਸਿਨੇਮਾ ਅਦਾਕਾਰ ਰਾਧਾਕ੍ਰਿਸ਼ਨਨ ਦਾ ਦਿਹਾਂਤ

ਮੁੰਬਈ , 23 ਮਈ -ਮਸ਼ਹੂਰ ਭਾਰਤੀ ਫੈਸ਼ਨ ਫੋਟੋਗ੍ਰਾਫਰ ਅਤੇ ਮਸ਼ਹੂਰ ਮਲਿਆਲਮ ਸਿਨੇਮਾ ਅਦਾਕਾਰ ਰਾਧਾਕ੍ਰਿਸ਼ਨਨ ਚਕਯਤ ਦਾ ਦਿਹਾਂਤ ਹੋ ਗਿਆ। ਉਹ 53 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ। ਰਾਧਾਕ੍ਰਿਸ਼ਨਨ ਨੇ 2000 ਵਿਚ ਆਪਣਾ ਫੋਟੋਗ੍ਰਾਫੀ ਕਰੀਅਰ ਸ਼ੁਰੂ ਕੀਤਾ ਅਤੇ ਬਹੁਤ ਹੀ ਘੱਟ ਸਮੇਂ ਵਿਚ ਇਸ ਉਦਯੋਗ ਵਿਚ ਆਪਣੀ ਪਛਾਣ ਬਣਾ ਲਈ। ਉਨ੍ਹਾਂ ਨੇ ਕਈ ਦੱਖਣੀ ਸਿਤਾਰਿਆਂ ਅਤੇ ਕਈ ਵੱਡੇ ਬ੍ਰਾਂਡਾਂ ਨਾਲ ਵੀ ਕੰਮ ਕੀਤਾ। ਉਨ੍ਹਾਂ ਨੇ ਪਿਕਸਲ ਵਿਲੇਜ ਦੀ ਸਥਾਪਨਾ ਕੀਤੀ, ਜੋ ਕਿ ਇਕ ਪ੍ਰਸਿੱਧ ਯੂਟਿਊਬ ਪਲੇਟਫਾਰਮ ਹੈ। ਫੋਟੋਗ੍ਰਾਫੀ ਅਤੇ ਅਦਾਕਾਰੀ ਲਈ ਜਾਣੇ ਜਾਂਦੇ ਰਾਧਾਕ੍ਰਿਸ਼ਨਨ ਚਕਯਤ ਨੂੰ ਉਨ੍ਹਾਂ ਦੀ ਟੀਮ ਪਿਕਸਲ ਵਿਲੇਜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਦਿਹਾਂਤ ਦੀ ਜਾਣਕਾਰੀ ਦਿੱਤੀ। ਰਾਧਾਕ੍ਰਿਸ਼ਨਨ ਦੀ ਫੋਟੋਗ੍ਰਾਫਿਕ ਸ਼ੈਲੀ ਮਨੁੱਖੀ ਭਾਵਨਾਵਾਂ, ਭਾਰਤੀ ਸੱਭਿਆਚਾਰ ਅਤੇ ਰੋਜ਼ਾਨਾ ਜੀਵਨ ਦੀ ਸੁੰਦਰਤਾ ਨੂੰ ਕੈਦ ਕਰਦੀ ਹੈ। ਰਾਧਾਕ੍ਰਿਸ਼ਨਨ ਚਕਯਤ ਦੀ ਕਲਾ ਅਤੇ ਯੋਗਦਾਨ ਨੂੰ ਮਲਿਆਲਮ ਫਿਲਮ ਉਦਯੋਗ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ।