ਅੱਤ ਦੀ ਗਰਮੀ ਤੋਂ ਬਾਅਦ ਗੁਰੂ ਨਗਰੀ 'ਚ ਛਾਏ ਕਾਲੇ ਬੱਦਲ, ਹਲਕਾ ਮੀਂਹ ਸ਼ੁਰੂ



ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ)-ਅੱਜ ਦੁਪਹਿਰੇ ਅੱਤ ਦੀ ਗਰਮੀ ਤੋਂ ਬਾਅਦ ਸ਼ਾਮ ਕਰੀਬ 5:15 ਵਜੇ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਇਕਦਮ ਗੁਰੂ ਨਗਰੀ ਵਿਚ ਕਾਲੇ ਬੱਦਲ ਛਾ ਗਏ। ਤੇਜ਼ ਹਵਾਵਾਂ ਨਾਲ ਕੁਝ ਸਮੇਂ ਬਾਅਦ ਹਲਕੀ ਬੂੰਦਾਂਬਾਂਦੀ ਵੀ ਸ਼ੁਰੂ ਹੋ ਗਈ। ਇਕ ਤਰ੍ਹਾਂ ਸ਼ਾਮ ਸਮੇਂ ਹੀ ਰਾਤ ਪੈ ਜਾਣ ਕਰਕੇ ਸੜਕਾਂ ਉਤੇ ਜਾ ਰਹੇ ਵਾਹਨ ਚਾਲਕਾਂ ਨੂੰ ਦਿਨੇ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ। ਇਸ ਦੌਰਾਨ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਅਚਾਨਕ ਹੋਈ ਮੌਸਮੀ ਤਬਦੀਲੀ ਦਾ ਨਜ਼ਾਰਾ ਮਾਣਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵੀ ਸ਼ਾਮ ਨੂੰ ਹੀ ਹਨੇਰਾ ਹੋਣ ਕਰਕੇ ਰੌਸ਼ਨੀਆ ਜਗ੍ਹਾ ਕੇ ਗੁਰੂ ਘਰ ਵਿਚ ਜਗਮਗ ਕਰ ਦਿੱਤੀ ਗਈ।