ਗਊਸ਼ਾਲਾ ਦੀ ਦਾਣਾ ਮੰਡੀ 'ਚ ਹਜ਼ਾਰਾਂ ਰੁਪਏ ਦੀ ਤੂੜੀ ਨੂੰ ਲੱਗੀ ਅੱਗ
ਤਪਾ ਮੰਡੀ, 24 ਮਈ (ਵਿਜੇ ਸ਼ਰਮਾ)-ਤਪਾ ਅਤੇ ਆਲੇ-ਦੁਆਲੇ ਚੱਲੇ ਝੱਖੜ ਕਾਰਨ ਪਿੰਡ ਆਲੀਕੇ ਦੀ ਦਾਣਾ ਮੰਡੀ ਵਿਚ ਹਜ਼ਾਰਾਂ ਕੁਇੰਟਲ ਪਈ ਤੂੜੀ ਨੂੰ ਅੱਗ ਲੱਗ ਗਈ, ਜਿਸ ਦੇ ਕਾਰਨਾਂ ਦਾ ਅਜੇ ਨਹੀਂ ਪਤਾ ਲੱਗ ਸਕਿਆ ਪਰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਹੈ। ਇਸ ਸਬੰਧੀ ਜਦੋਂ ਸੰਤ ਚਿਤਾ ਨੰਦ ਗਊਸ਼ਾਲਾ ਆਲੀਕੇ ਦੇ ਪ੍ਰਧਾਨ ਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀ ਹਜ਼ਾਰਾਂ ਕੁਇੰਟਲ ਤੂੜੀ ਇਕੱਠੀ ਕਰਕੇ ਦਾਣਾ ਮੰਡੀ ਵਿਚ ਰੱਖੀ ਹੋਈ ਸੀ ਪਰ ਤੇਜ਼ ਝੱਖੜ ਚੱਲਣ ਕਾਰਨ ਤੂੜੀ ਨੂੰ ਅੱਗ ਪੈ ਗਈ, ਜਿਸ ਕਰਕੇ ਅੱਗ ਬੁਝਾਊ ਗੱਡੀਆਂ ਨੂੰ ਬੁਲਾਇਆ ਗਿਆ ਜੋ ਅੱਗ ਉਤੇ ਕਾਬੂ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਾਲੇ ਤੂੜੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕ ਅੱਗ ਉਤੇ ਕਾਬੂ ਪਾ ਰਹੇ ਹਨ। ਖਬਰ ਲਿਖੇ ਜਾਣ ਤੱਕ ਅਜੇ ਤੱਕ ਅੱਗ ਉਤੇ ਕਾਬੂ ਨਹੀਂ ਪਾਇਆ ਗਿਆ, ਜਿਸ ਕਾਰਨ ਹਜ਼ਾਰਾਂ ਰੁਪਏ ਦੀ ਤੂੜੀ ਸੜ ਕੇ ਸੁਆਹ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਅੱਗ ਬੁਝਾਊ ਗੱਡੀ ਘਟਨਾ ਵਾਲੀ ਥਾਂ ਉਤੇ ਜਾ ਰਹੀ ਸੀ ਤਾਂ ਰਸਤੇ ਵਿਚ ਤੇਜ਼ ਝੱਖੜ ਕਾਰਨ ਦਰੱਖਤ ਡਿੱਗੇ ਹੋਏ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।