ਨੈਸ਼ਨਲ ਲੋਕ ਅਦਾਲਤ 'ਚ 1028 ਕੇਸ ਪੇਸ਼, 9181 ਦਾ ਨਿਪਟਾਰਾ

ਪਠਾਨਕੋਟ, 24 ਮਈ (ਸੰਧੂ/ਆਸ਼ੀਸ਼ ਸ਼ਰਮਾ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਠਾਨਕੋਟ ਦੇ ਚੇਅਰਮੈਨ-ਕਮ-ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਗਵਾਈ ਵਿਚ ਕੋਰਟ ਕੰਪਲੈਕਸ ਪਠਾਨਕੋਟ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਵਿਚ 9 ਬੈਂਚ ਲਗਾਏ ਗਏ ਸਨ ਜਿਨ੍ਹਾਂ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ, ਫੈਮਲੀ ਕੋਰਟ ਜੱਜ ਜਸਵੀਰ ਕੌਰ, ਰਾਜਵੰਤ ਕੌਰ ਜੱਜ ਸੀਨੀਅਰ ਡਵੀਜ਼ਨ, ਗੁਰਸ਼ੇਰ ਸਿੰਘ ਜੱਜ ਸੀਨੀਅਰ ਡਵੀਜ਼ਨ, ਰਵਨੀਤ ਕੌਰ ਬੇਦੀ ਜੱਜ ਜੂਨੀਅਰ ਡਵੀਜ਼ਨ, ਅਰਵਿੰਦ ਸਿੰਘ ਜੱਜ ਜੂਨੀਅਰ ਡਵੀਜ਼ਨ, ਸਤਨਾਮ ਸਿੰਘ ਜੱਜ ਜੂਨੀਅਰ ਡਵੀਜ਼ਨ, ਅਸਦੀਪ ਸਿੰਘ ਜੱਜ ਜੂਨੀਅਰ ਡਵੀਜ਼ਨ, ਚਰਨਜੀਤ ਸਿੰਘ ਪਰਮਾਨੈਂਟ ਲੋਕ ਅਦਾਲਤ ਦੇ ਬੈਂਚ ਲਗਾਏ ਗਏ। ਇਸ ਮੌਕੇ ਸਕੱਤਰ-ਕਮ-ਸੀ. ਜੇ. ਐਮ. ਰੁਪਿੰਦਰ ਸਿੰਘ ਵੀ ਸ਼ਾਮਿਲ ਸਨ। ਇਸ ਲੋਕ ਅਦਾਲਤ ਵਿਚ 10028 ਕੇਸ ਪੇਸ਼ ਕੀਤੇ ਗਏ ਜਿਨ੍ਹਾਂ ਵਿਚੋਂ 9181 ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਗਿਆ। ਇਸ ਮੌਕੇ 2,9144097 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਪੋਕਸੋ ਐਕਟ ਤਹਿਤ ਪੀੜਤਾਂ ਨੂੰ 6,75500 ਰੁਪਏ ਦੇ ਮੁਆਵਜ਼ੇ ਦੀਆਂ ਕਾਪੀਆਂ ਵੰਡੀਆਂ ਗਈਆਂ। ਫੈਮਲੀ ਕੋਰਟ ਵਿਚ ਅਜੈ ਮਨੀ ਬਨਾਮ ਜੋਤੀ" ਕੇਸ ਸੀ। ਉਕਤ ਧਿਰਾਂ ਦਾ ਵਿਆਹ 14.10.20219 ਨੂੰ ਹਿੰਦੂ ਰੀਤੀ-ਰਿਵਾਜਾਂ ਅਤੇ ਰਸਮਾਂ ਅਨੁਸਾਰ ਕੀਤਾ ਗਿਆ ਸੀ। ਹਾਲਾਂਕਿ, ਧਿਰਾਂ ਵਿਚਕਾਰ ਮਤਭੇਦਾਂ ਕਾਰਨ, ਦੋਵੇਂ ਧਿਰਾਂ 2022 ਤੋਂ ਵੱਖ ਰਹਿ ਰਹੀਆਂ ਸਨ ਅਤੇ ਪਤੀ ਨੇ ਪਤਨੀ ਵਿਰੁੱਧ ਵਿਆਹੁਤਾ ਅਧਿਕਾਰਾਂ ਦੀ ਬਹਾਲੀ ਲਈ ਪਟੀਸ਼ਨ ਦਾਇਰ ਕੀਤੀ ਸੀ ਅਤੇ ਮਾਮਲਾ ਅਕਤੂਬਰ 2022 ਤੋਂ ਅਦਾਲਤ ਵਿਚ ਵਿਚਾਰ ਅਧੀਨ ਸੀ। ਹਾਲਾਂਕਿ, ਲੋਕ ਅਦਾਲਤ ਦੇ ਯਤਨਾਂ ਨਾਲ, ਧਿਰਾਂ ਇਕ ਸਮਝੌਤੇ 'ਤੇ ਪਹੁੰਚੀਆਂ, ਜਿਸ ਰਾਹੀਂ ਪ੍ਰਤੀਵਾਦੀ-ਪਤਨੀ ਬੱਚੇ ਸਮੇਤ ਆਪਣੇ ਪਤੀ ਦੀ ਸੰਗਤ ਆਪਣੇ ਵਿਆਹੁਤਾ ਘਰ ਵਿਚ ਮੁੜ ਸ਼ੁਰੂ ਕਰਨ ਲਈ ਤਿਆਰ ਹੋ ਗਈ। ਪਟੀਸ਼ਨਰ ਨੇ ਉਸਨੂੰ ਵਿਆਹੁਤਾ ਘਰ ਵਿਚ ਚੰਗੀ ਤਰ੍ਹਾਂ ਰੱਖਣ ਲਈ ਵੀ ਸਹਿਮਤੀ ਦਿੱਤੀ। ਇਸ ਤਰ੍ਹਾਂ ਲੋਕ ਅਦਾਲਤ ਬੈਂਚ ਦੇ ਯਤਨਾਂ ਨਾਲ, ਇਕ ਪਰਿਵਾਰ ਨੂੰ ਦੁਬਾਰਾ ਮਿਲਾਇਆ ਗਿਆ।