2 ਪਿਸਟਲਾਂ ਤੇ ਇਕ ਗੱਡੀ ਸਮੇਤ ਇਕ ਗ੍ਰਿਫਤਾਰ

ਅਟਾਰੀ, (ਅੰਮ੍ਰਿਤਸਰ), 24 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਸ੍ਰੀ ਸਤਿੰਦਰ ਸਿੰਘ ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ਼੍ਰੀ ਮਨਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਦਿੱਤਿਆ ਵਾਰੀਅਰ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਮਨਿੰਦਰਪਾਲ ਸਿੰਘ ਡੀ.ਐਸ.ਪੀ (ਡੀ) ਦੀ ਅਗਵਾਈ ਵਿੱਚ ਸੀ.ਆਈ.ਏ (ਅੰਮ੍ਰਿਤਸਰ ਦਿਹਾਤੀ) ਵੱਲੋ ਸਫਲਤਾ ਹਾਸਿਲ ਕਰਦੇ ਹੋਏ 02 ਪਿਸਟਲ (30 ਬੋਰ) ਸਮੇਤ ਮੈਗਜੀਨ ਅਤੇ ਇੱਕ ਆਲਟੋ ਗੱਡੀ ਪੀਬੀ 07-ਯੂ- 0863 ਸਮੇਤ ਮੇਵਾ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਅਚਿੰਤ ਕੋਟ ਥਾਣਾ ਘਰਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ। ਇੰਚਾਰਜ ਸੀ.ਆਈ.ਏ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੇਵਾ ਸਿੰਘ ਵਾਸੀ ਪਿੰਡ ਅਚਿੰਤ ਕੋਟ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਲਿੰਕ ਵਿੱਚ ਹੈ ਅਤੇ ਉਹਨਾ ਪਾਸੋ ਹਥਿਆਰ ਮੰਗਵਾਂ ਕੇ ਅੱਗੇ ਸਪਲਾਈ ਕਰਦਾ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਇੰਚਾਰਜ ਸੀ.ਆਈ.ਏ ਵੱਲੋ ਆਪਣੀ ਟੀਮ ਦੀ ਮਦਦ ਨਾਲ ਟ੍ਰੈਪ ਲਗਾ ਕੇ ਉਕਤ ਮੇਵਾ ਸਿੰਘ ਨੂੰ ਖਾਸਾ ਨਜਦੀਕ ਨਵੇ ਬਣ ਰਹੇ ਪੁਲ ਦੇ ਨੇੜੇ ਤੋਂ 02 ਪਿਸਟਲ (30 ਬੋਰ) ਅਤੇ 02 ਮੈਗਜੀਨ ਸਮੇਤ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਉਕਤ ਖਿਲਾਫ ਥਾਣਾ ਘਰਿੰਡਾ ਵਿਖੇ ਮਿਤੀ ਜੁਰਮ 25/54/59 ਆਰਮਜ ਐਕਟ ਤਹਿਤ ਪਰਚਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਗ੍ਰਿਫਤਾਰ ਦੋਸ਼ੀ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਸ਼ਾਹ ਨਾਮਕ ਪਾਕਿਸਤਾਨੀ ਸਮੱਗਲਰ ਦੇ ਲਿੰਕ ਵਿੱਚ ਸੀ। ਉੱਕਤ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।