ਐਲੋਨ ਮਸਕ ਨੇ ਛੱਡੀ ਟਰੰਪ ਸਰਕਾਰ

ਵਾਸ਼ਿੰਗਟਨ, 29 ਮਈ- ਅਮਰੀਕੀ ਉਦਯੋਗਪਤੀ ਐਲੋਨ ਮਸਕ ਨੇ ਡੋਨਾਲਡ ਟਰੰਪ ਦੇ ਸਲਾਹਕਾਰ ਦਾ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਨੇ ਐਕਸ ’ਤੇ ਇਕ ਪੋਸਟ ਰਾਹੀਂ ਰਾਸ਼ਟਰਪਤੀ ਟਰੰਪ ਦਾ ਅਮਰੀਕੀ ਪ੍ਰਸ਼ਾਸਨ ਵਿਚ ਯੋਗਦਾਨ ਪਾਉਣ ਦਾ ਮੌਕਾ ਦੇਣ ਲਈ ਧੰਨਵਾਦ ਵੀ ਕੀਤਾ। ਮਸਕ ਨੇ ਕਿਹਾ ਕਿ ਉਹ ਇਕ ਚੋਟੀ ਦੇ ਸਲਾਹਕਾਰ ਵਜੋਂ ਆਪਣੀ ਸਰਕਾਰੀ ਭੂਮਿਕਾ ਛੱਡ ਰਹੇ ਹਨ। ਉਨ੍ਹਾਂ ਕਿਹਾ, ਉਹ ਰਾਸ਼ਟਰਪਤੀ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸੰਘੀ ਨੌਕਰਸ਼ਾਹੀ ਨੂੰ ਘਟਾਉਣ ਅਤੇ ਸੁਧਾਰਨ ਦਾ ਮੌਕਾ ਦਿੱਤਾ ਗਿਆ। ਮਸਕ ਨੇ ਲਿਖਿਆ ਕਿ ਭਾਵੇਂ ਇਕ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਉਨ੍ਹਾਂ ਦਾ ਸਮਾਂ ਖਤਮ ਹੋ ਰਿਹਾ ਹੈ, ਪਰ ਉਨ੍ਹਾਂ ਨੂੰ ਡੀ.ਓ.ਜੀ.ਈ. (ਸਰਕਾਰੀ ਵਿਭਾਗ ਦੀ ਕੁਸ਼ਲਤਾ) ਵਿਚ ਆਪਣੇ ਕਾਰਜਕਾਲ ਦੌਰਾਨ ਦੇਸ਼ ਵਿਚ ਫਜ਼ੂਲ ਖਰਚਿਆਂ ਨੂੰ ਘਟਾਉਣ ਦਾ ਮੌਕਾ ਮਿਲਿਆ। ਮਸਕ ਦੇ ਅਨੁਸਾਰ ਡੀ.ਓ.ਜੀ.ਈ. ਮਿਸ਼ਨ ਸਮੇਂ ਦੇ ਨਾਲ ਹੋਰ ਵੀ ਮਜ਼ਬੂਤ ਹੋਵੇਗਾ, ਕਿਉਂਕਿ ਇਹ ਸਰਕਾਰ ਦੇ ਸਾਰੇ ਵਿਭਾਗਾਂ ਵਿਚ ਜੀਵਨ ਦਾ ਇਕ ਤਰੀਕਾ ਬਣ ਜਾਵੇਗਾ।