ਬੇਅਦਬੀ ਕਰਨ ਦੇ ਦੋਸ਼ 'ਚ ਗ੍ਰੰਥੀ ਸਿੰਘ ਸਮੇਤ ਤਿੰਨ ਵਿਰੁੱਧ ਪਰਚਾ ਦਰਜ
ਫ਼ਾਜ਼ਿਲਕਾ, 29 ਮਈ (ਬਲਜੀਤ ਸਿੰਘ)-ਫਾਜ਼ਿਲਕਾ ਦੀ ਨਵੀਂ ਆਬਾਦੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਹੇ ਵਿਅਕਤੀ ਅਤੇ ਉਸਦੇ ਪੁੱਤਰ ਸਮੇਤ ਤਿੰਨ ਲੋਕਾਂ ਤੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦੇ ਮਾਮਲੇ ਵਿਚ ਫਾਜ਼ਿਲਕਾ ਸਿਟੀ ਪੁਲਿਸ ਵਲੋਂ ਪਰਚਾ ਦਰਜ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਾਜ਼ਿਲਕਾ ਦੇ ਮੁੱਖ ਅਫਸਰ ਲੇਖ ਰਾਜ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਨਵੀਂ ਆਬਾਦੀ ਵਲੋਂ ਇਕ ਸ਼ਿਕਾਇਤ ਦਰਜ ਹੋਈ ਸੀ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਗ੍ਰੰਥੀ ਸਿੰਘ ਹੈ, ਉਸਦੇ ਪੁੱਤਰ ਵਲੋਂ ਗੁਰਦੁਆਰਾ ਸਾਹਿਬ ਅੰਦਰ ਇਲੈਕਟਰੋਨਿਕ ਸਿਗਰਟ ਦਾ ਸੇਵਨ ਕੀਤਾ ਜਾਂਦਾ ਹੈ ਅਤੇ ਗ੍ਰੰਥੀ ਸਿੰਘ ਅਤੇ ਉਸ ਦੇ ਪੁੱਤਰ ਵਲੋਂ ਹੋਰ ਵੀ ਕਈ ਗਲਤ ਕੰਮ ਕੀਤੇ ਜਾਂਦੇ ਹਨ। ਇੰਨਾ ਹੀ ਨਹੀਂ ਗ੍ਰੰਥੀ ਸਿੰਘ ਦੇ ਪੁੱਤਰ ਵਲੋਂ ਸਿਗਰਟ ਪੀਣ ਦੀ ਵੀਡੀਓ ਆਪਣੇ ਇੰਸਟਾਗਰਾਮ ਪੇਜ ਉਤੇ ਵਾਇਰਲ ਵੀ ਕੀਤੀ ਗਈ, ਜਿਸ ਉਤੇ ਕਾਰਵਾਈ ਕਰਦੇ ਹੋਏ ਸਿਟੀ ਪੁਲਿਸ ਨੇ ਉਥੋਂ ਦੇ ਗ੍ਰੰਥੀ ਸਿੰਘ ਸਰਬਜੀਤ ਸਿੰਘ ਪੁੱਤਰ ਭਜਨ ਸਿੰਘ, ਚਮਕਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਮੁੰਬੇ ਕਿ ਫਾਜ਼ਿਲਕਾ ਅਤੇ ਅਨਮੋਲ ਸਿੰਘ ਪੁੱਤਰ ਮਹਿੰਦਰ ਪਾਲ ਸਿੰਘ ਵਾਸੀ ਨਵੀਂ ਆਬਾਦੀ ਫਾਜ਼ਿਲਕਾ ਖਿਲਾਫ ਬੀ. ਐਨ. ਐਸ. ਦੀ ਧਾਰਾ 299 ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚ ਨਾਮਜ਼ਦ ਤਿੰਨੋਂ ਦੋਸ਼ੀ ਅਜੇ ਫਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।