ਬਿਜਲੀ ਸਪਲਾਈ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਿਅਕਤੀ ਦਾ ਕਤਲ


ਮੰਡੀ ਲਾਧੂਕਾ, 2 ਜੂਨ (ਰਾਕੇਸ਼ ਛਾਬੜਾ)-ਪਿੰਡ ਲਾਧੂਕਾ ਵਿਚ ਬਿਜਲੀ ਸਪਲਾਈ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਇਕ ਵਿਅਕਤੀ ਦਾ ਕਤਲ ਹੋ ਗਿਆ। ਨਵੀਂ ਅਨਾਜ ਮੰਡੀ ਨਾਲ ਬਣੀ ਢਾਣੀ 'ਤੇ ਰਹਿ ਰਹੇ ਭਗਵਾਨ ਦਾਸ ਦਾ ਚਿਮਨ ਸਿੰਘ ਨਾਲ ਪਿਛਲੇ ਸਮੇਂ ਤੋਂ ਬਿਜਲੀ ਸਪਲਾਈ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ। ਪਿੰਡ ਲਾਧੂਕਾ ਦੀ ਨਹਿਰ ਦੇ ਪੁਲ ਉਤੇ ਭਗਵਾਨ ਦਾਸ ਅਤੇ ਚਿਮਨ ਸਿੰਘ ਦੀਆਂ ਧਿਰਾਂ ਵਿਚਕਾਰ ਝਗੜੇ ਨੂੰ ਰੋਕਣ ਲਈ ਭਗਵਾਨ ਦਾਸ ਦਾ ਚਾਚਾ ਲਛਮਣ ਦਾਸ ਅੱਗੇ ਆਇਆ ਤਾਂ ਦੂਜੀ ਧਿਰ ਵਲੋਂ ਉਸਦਾ ਕਤਲ ਕਰ ਦਿੱਤਾ ਗਿਆ। ਇਸ ਝਗੜੇ ਵਿਚ ਭਗਵਾਨ ਦਾਸ ਦੇ ਪਰਿਵਾਰ ਦੇ ਦੋ ਹੋਰ ਮੈਂਬਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ਵਿਖੇ ਰੈਫਰ ਕੀਤਾ ਗਿਆ। ਮੰਡੀ ਦੀ ਪੁਲਿਸ ਚੌਕੀ ਵਿਚ ਨਿਯੁਕਤ ਏ.ਐੱਸ.ਆਈ. ਗੁਰਨਾਮ ਸਿੰਘ ਨੇ ਕਿਹਾ ਕਿ ਮ੍ਰਿਤਕ ਲਛਮਣ ਦਾਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦੂਜੀ ਧਿਰ ਦੇ 8 ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਫ਼ਾਜ਼ਿਲਕਾ ਵਿਖੇ ਬੀ.ਐੱਨ.ਐੱਸ. ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।