ਅਰਵਿੰਦ ਕੇਜਰੀਵਾਲ ਦੀ ਪਾਸਪੋਰਟ ਨਵੀਨੀਕਰਨ ਦੀ ਅਰਜ਼ੀ ’ਤੇ ਅੱਜ ਹੋਵੇਗੀ ਸੁਣਵਾਈ

ਨਵੀਂ ਦਿੱਲੀ, 4 ਜੂਨ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਾਸਪੋਰਟ ਨਵੀਨੀਕਰਨ ਦੀ ਅਰਜ਼ੀ ’ਤੇ ਅੱਜ ਰਾਊਸ ਐਵੇਨਿਊ ਅਦਾਲਤ ਵਿਚ ਸੁਣਵਾਈ ਹੋਵੇਗੀ। ਕੇਜਰੀਵਾਲ ਨੇ 29 ਮਈ ਨੂੰ ਪਟੀਸ਼ਨ ਦਾਇਰ ਕੀਤੀ ਸੀ। ਉਸ ਸਮੇਂ ਦੇ ਵਿਸ਼ੇਸ਼ ਜੱਜ ਡੀ.ਆਈ.ਜੀ. ਵਿਨੇ ਸਿੰਘ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਦਰਅਸਲ ਕੇਜਰੀਵਾਲ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ 2018 ਵਿਚ ਖਤਮ ਹੋ ਗਈ ਸੀ। ਉਹ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪਣੇ ਅਧਿਕਾਰਤ ਪਾਸਪੋਰਟ ਦੀ ਵਰਤੋਂ ਕਰ ਰਹੇ ਸਨ। ਹੁਣ ਉਹ ਆਪਣੇ ਨਿੱਜੀ ਪਾਸਪੋਰਟ ਦੇ ਨਵੀਨੀਕਰਨ ਲਈ ਐਨ.ਓ.ਸੀ. ਦੀ ਮੰਗ ਕਰ ਰਹੇ ਹਨ। ਉਹ ਇਸ ਨੂੰ ਹੋਰ 10 ਸਾਲਾਂ ਲਈ ਵਧਾਉਣਾ ਚਾਹੁੰਦੇ ਹਨ। ਕੇਜਰੀਵਾਲ ਨੂੰ ਈ.ਡੀ. ਨੇ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿਚ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। 10 ਮਈ ਨੂੰ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਲਈ 21 ਦਿਨਾਂ ਲਈ ਰਿਹਾਅ ਕੀਤਾ ਗਿਆ ਸੀ। ਇਹ ਰਿਹਾਈ 51 ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਮਿਲੀ ਸੀ। 2 ਜੂਨ ਨੂੰ ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ, ਉਨ੍ਹਾਂ ਨੂੰ 13 ਸਤੰਬਰ 2024 ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ। ਉਨ੍ਹਾਂ ਨੇ 156 ਦਿਨ ਜੇਲ੍ਹ ਵਿਚ ਬਿਤਾਏ।