ਸੰਗਤਾਂ ਦੇ ਦਰਸ਼ਨਾਂ ਲਈ ਹਵਾਈ ਅੱਡਾ ਰਾਜਾਸਾਂਸੀ ਅੰਦਰ ਸਥਿਤ ਗੁਰਦੁਆਰਾ ਸਾਹਿਬ ਕੱਲ੍ਹ ਤੋਂ ਖੁੱਲ੍ਹੇਗਾ

ਰਾਜਾਸਾਂਸੀ, 2 ਜੂਨ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਘੇਰੇ ਅਧੀਨ ਆਉਂਦੇ ਤਪੱਸਵੀ ਸੰਤ ਬਾਬਾ ਜਵੰਦ ਸਿੰਘ ਦੇ ਤੱਪ ਅਸਥਾਨ ਗੁਰਦੁਆਰਾ ਸੰਤਸਰ ਸਾਹਿਬ ਨੂੰ ਏਅਰਪੋਰਟ ਅਥਾਰਟੀ ਵਲੋਂ ਕੱਲ੍ਹ ਤੋਂ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇਗਾ। ਦੱਸਣਯੋਗ ਹੈ ਕਿ ਇਹ ਉਕਤ ਗੁਰਦੁਆਰਾ ਸਾਹਿਬ ਭਾਰਤੀ ਫੌਜ ਵਲੋਂ ਆਪਰੇਸ਼ਨ ਸੰਧੂਰ ਤੋਂ ਬਾਅਦ ਬੀਤੇ 7 ਮਈ ਨੂੰ ਹਵਾਈ ਅੱਡੇ ਨਾਲ ਹੀ ਬੰਦ ਕਰ ਦਿੱਤਾ ਗਿਆ ਸੀ। ਇਸ ਗੁਰਦੁਆਰਾ ਸਾਹਿਬ ਅੰਦਰ ਬਾਹਰੋਂ ਪੁੱਜੀਆਂ ਸੰਗਤਾਂ ਲਈ ਬਾਹਰਲਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਜਦੋਂਕਿ ਹਵਾਈ ਅੱਡਾ ਬੀਤੇ 14 ਮਈ ਨੂੰ ਹੀ ਖੋਲ੍ਹ ਦਿੱਤਾ ਗਿਆ ਸੀ ਪਰ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਹਵਾਈ ਅੱਡੇ ਦੇ ਅਧਿਕਾਰੀਆਂ ਵਲੋਂ ਬੰਦ ਰੱਖਿਆ ਹੋਇਆ ਸੀ। ਇਸ ਸਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਐਸ.ਕੇ. ਕਪਾਹੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਕੱਲ੍ਹ 3 ਜੂਨ ਤੋਂ ਸੰਗਤਾਂ ਦੇ ਦਰਸ਼ਨ ਦੀਦਾਰ (ਨਤਮਸਤਕ) ਕਰਨ ਲਈ ਮੁੜ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਇਸ ਦਾ ਖੁੱਲ੍ਹਣ ਦਾ ਸਮਾਂ ਸਵੇਰੇ 5.45 ਵਜੇ ਤੋਂ 8.45 ਤਕ ਹੋਵੇਗਾ ਤੇ ਐਤਵਾਰ 5.45 ਤੋਂ ਸਵੇਰੇ 10 ਵਜੇ ਤੱਕ ਹੋਵੇਗਾ। ਸੰਗਰਾਂਦ ਵਾਲੇ ਦਿਨ ਸਵੇਰ 5.45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਲੀਆਂ ਸੰਗਤਾਂ ਆਪਣਾ ਕੋਈ ਵੀ ਸ਼ਨਾਖਤੀ ਕਾਰਡ ਜਿਨ੍ਹਾਂ ਵਿਚ ਆਧਾਰ ਕਾਰਡ, ਪਾਸਪੋਰਟ ਜਾਂ ਪੈਨ ਕਾਰਡ ਨਾਲ ਲੈ ਕੇ ਆਉਣ। ਜੇਕਰ ਕਿਸੇ ਕੋਲ ਸ਼ਨਾਖਤੀ ਕਾਰਡ ਨਾ ਹੋਇਆ ਤਾਂ ਉਸਨੂੰ ਗੁਰਦੁਆਰਾ ਸਾਹਿਬ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਮੋਬਾਇਲ ਲੈ ਕੇ ਜਾਣ ਦੀ ਸਖਤ ਮਨਾਹੀ ਹੈ। ਮੋਬਾਇਲ ਪਹਿਲਾਂ ਗੁਰਦੁਆਰਾ ਸਾਹਿਬ ਤੇ ਬਾਹਰ ਜਮ੍ਹਾ ਕੀਤੇ ਜਾਂਦੇ ਸਨ ਪਰ ਇਸ ਵਾਰ ਜਮ੍ਹਾ ਵੀ ਨਹੀਂ ਕੀਤੇ ਜਾਣਗੇ ਕਿਉਂਕਿ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਯਾਤਰੀ ਆਉਂਦੇ ਹਨ, ਉਹ ਆਪਣੇ ਮੋਬਾਇਲ ਫੋਨ ਗੱਡੀਆਂ ਵਿਚ ਰੱਖਣ ਜਾਂ ਘਰ ਵਿਚ ਹੀ ਰੱਖ ਕੇ ਆਉਣ।