ਲਾਰੈਂਸ ਗੈਂਗ ਦੇ 40 ਸਾਥੀਆਂ ਬਾਰੇ ਐਨ.ਆਈ.ਏ. ਦਾ ਵੱਡਾ ਖ਼ੁਲਾਸਾ

ਨਵੀਂ ਦਿੱਲੀ, 12 ਜੂਨ- ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿਚ ਫੈਲੇ ਲਾਰੈਂਸ ਗੈਂਗ ਦੇ ਲਗਭਗ 40 ਸਾਥੀਆਂ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ ਨੇ ਖੁਲਾਸਾ ਕੀਤਾ ਹੈ ਕਿ ਇਹ ਸਾਰੇ 40 ਲੋਕ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਾਮਲੇ ਵਿਚ ਐਨ.ਆਈ.ਏ. ਨੇ ਦੋਸ਼ੀ ਰਾਹੁਲ ਸਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਲਾਰੈਂਸ ਦੇ ਸਾਰੇ ਕਰੀਬੀ ਸਾਥੀ ਉੱਤਰਾਖੰਡ ਦੇ ਰਹਿਣ ਵਾਲੇ ਰਾਹੁਲ ਸਰਕਾਰ ਦੇ ਸੰਪਰਕ ਵਿਚ ਸਨ। ਏਜੰਸੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਚੰਡੀਗੜ੍ਹ ਵਿਚ ਵੱਡੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ, ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੋਸ਼ੀ ਰਾਹੁਲ ਸਰਕਾਰ ਨਾਲ ਗੱਲ ਕਰਦਾ ਸੀ ਅਤੇ ਆਪਣੇ ਸ਼ੂਟਰਾਂ ਅਤੇ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਦਾ ਪ੍ਰਬੰਧ ਕਰਦਾ ਸੀ। ਜਾਂਚ ਦੌਰਾਨ ਏਜੰਸੀ ਨੂੰ ਸ਼ੱਕ ਹੈ ਕਿ ਰਾਹੁਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਅਤੇ ਮਹਾਰਾਸ਼ਟਰ ਐਨ.ਸੀ.ਪੀ. ਅਜੀਤ ਧੜੇ ਦੇ ਨੇਤਾ ਬਾਬਾ ਸਿੱਦੀਕੀ ਕਤਲ ਕੇਸ ਵਿਚ ਸ਼ਾਮਿਲ ਨਿਸ਼ਾਨੇਬਾਜ਼ਾਂ ਨੂੰ ਵਿਦੇਸ਼ ਭੇਜਣ ਲਈ ਜਾਅਲੀ ਪਾਸਪੋਰਟਾਂ ਦੇ ਨੈੱਟਵਰਕ ਦੀ ਵਰਤੋਂ ਕੀਤੀ ਹੈ। 23 ਮਈ ਨੂੰ ਕੇਂਦਰੀ ਜਾਂਚ ਏਜੰਸੀ ਨੇ ਲਾਰੈਂਸ ਗੈਂਗ ਦੇ ਜਾਅਲੀ ਪਾਸਪੋਰਟ ਨੈੱਟਵਰਕ ਨੂੰ ਚਲਾਉਣ ਵਾਲੇ ਦੋਸ਼ੀ ਰਾਹੁਲ ਸਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਦੋਸ਼ੀ ਰਾਹੁਲ ਸਰਕਾਰ ਹੁਣ ਤੱਕ ਲਾਰੈਂਸ ਗੈਂਗ ਦੇ 50 ਤੋਂ ਵੱਧ ਸ਼ੂਟਰਾਂ ਨੂੰ ਜਾਅਲੀ ਪਾਸਪੋਰਟਾਂ ’ਤੇ ਵਿਦੇਸ਼ ਭੇਜ ਚੁੱਕਾ ਹੈ। ਇਸ ਵਿਚ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਰਾਜਸਥਾਨ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕਈ ਮਸ਼ਹੂਰ ਗੈਂਗਸਟਰ ਸ਼ਾਮਿਲ ਹਨ। ਹੁਣ ਐਨ.ਆਈ.ਏ. ਇਨ੍ਹਾਂ ਸਾਰਿਆਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਰਾਸ਼ਟਰੀ ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 50 ਗੈਂਗਸਟਰਾਂ ਵਿਚੋਂ ਸਿਰਫ਼ 22 ਪੰਜਾਬ ਦੇ ਹਨ, ਜੋ ਦੋਸ਼ੀ ਰਾਹੁਲ ਸਰਕਾਰ ਦੇ ਸੰਪਰਕ ਵਿਚ ਸਨ। ਵਿਦੇਸ਼ ਭੱਜਣ ਦੀ ਤਿਆਰੀ ਕਰ ਰਹੇ ਗੈਂਗਸਟਰਾਂ ਵਿਚ ਮਨਦੀਪ ਸਿੰਘ ਅਤੇ ਜਤਿੰਦਰ ਸਿੰਘ ਵੀ ਸ਼ਾਮਿਲ ਹਨ। ਮਨਦੀਪ ਵਿਰੁੱਧ ਚੰਡੀਗੜ੍ਹ ਅਤੇ ਹਰਿਆਣਾ ਵਿਚ ਕਤਲ ਦੀ ਕੋਸ਼ਿਸ਼, ਡਕੈਤੀ, ਫਿਰੌਤੀ ਅਤੇ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ ਹਨ। ਗੈਂਗਸਟਰ ਅਜੈ ਸਿੰਘ ਉਰਫ਼ ਅਜੈਪਾਲ, ਅੰਕਿਤ, ਹਰਜਿੰਦਰ ਸਿੰਘ ਉਰਫ਼ ਲਾਡੀ, ਲਖਵਿੰਦਰ, ਸੁਬੀਰ ਸਿੰਘ ਉਰਫ਼ ਸੁਬੀ, ਅਰਸ਼ਦੀਪ ਸਿੰਘ, ਸ਼ੁਭਮ ਕੁਮਾਰ, ਮਹਿਫੂਜ਼ ਉਰਫ਼ ਵਿਸ਼ਾਲ ਖਾਨ ਵੀ ਭੱਜਣ ਦੀ ਤਿਆਰੀ ਕਰ ਰਹੇ ਸਨ। ਐਨ.ਆਈ.ਏ. ਨੇ ਪੰਜਾਬ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਐਨ.ਆਈ.ਏ. ਵਿਦੇਸ਼ੀ ਏਜੰਸੀਆਂ ਦੇ ਸਹਿਯੋਗ ਨਾਲ ਜਾਅਲੀ ਪਾਸਪੋਰਟਾਂ ’ਤੇ ਵਿਦੇਸ਼ ਭੱਜਣ ਵਾਲੇ ਲਾਰੈਂਸ ਗੈਂਗ ਦੇ ਮੈਂਬਰਾਂ ਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।