ਡਾ. ਨਵਦੀਪਕ ਸੰਧੂ ਨੇ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ

ਕਪੂਰਥਲਾ, 13 ਜੂਨ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ 18ਵੇਂ ਰਜਿਸਟਰਾਰ ਵਜੋਂ ਡਾ. ਨਵਦੀਪਕ ਸੰਧੂ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ, ਬਾਘਾ ਪੁਰਾਣਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਾਨੰਦ ਜੋ ਕਿ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਹਨ, ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਉਨ੍ਹਾਂ ਡਾ. ਨਵਦੀਪਕ ਸੰਧੂ ਨੂੰ ਰਜਿਸਟਰਾਰ ਵਜੋਂ ਵਾਧੂ ਕਾਰਜਭਾਰ ਸੰਭਾਲਣ 'ਤੇ ਮੁਬਾਰਕਬਾਦ ਦਿੱਤੀ। ਡਾ. ਨਵਦੀਪਕ ਸੰਧੂ ਇਸ ਤੋਂ ਪਹਿਲਾਂ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਡਿਪਟੀ ਰਜਿਸਟਰਾਰ (ਕਾਰਪੋਰੇਟ ਰਿਲੇਸ਼ਨ) ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਸਟਾਫ਼ ਮੈਂਬਰਾਂ ਨੇ ਵੀ ਡਾ. ਸੰਧੂ ਨੂੰ ਵਧਾਈ ਦਿੱਤੀ। ਵਰਨਣਯੋਗ ਹੈ ਕਿ ਯੂਨੀਵਰਸਿਟੀ ਦੇ 17ਵੇਂ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਦੇ ਸਰਦਾਰ ਬੇਅੰਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਉਪ ਕੁਲਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਯੂਨੀਵਰਸਿਟੀ ਵਿਚ ਰਜਿਸਟਰਾਰ ਦਾ ਅਹੁਦਾ ਖ਼ਾਲੀ ਚੱਲਿਆ ਆ ਰਿਹਾ ਸੀ। ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰ ਦੀ ਚੇਅਰਪਰਸਨ ਵਜੋਂ ਜਾਰੀ ਹਦਾਇਤਾਂ ਅਨੁਸਾਰ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਨੇ ਡਾ. ਨਵਦੀਪਕ ਸੰਧੂ ਨੂੰ ਰਜਿਸਟਰਾਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਹੈ।