ਐਡਵੋਕੇਟ ਧਾਮੀ ਨੇ ਕੇਂਦਰੀ ਮੰਤਰੀ ਮਜੂਮਦਾਰ ਵਲੋਂ ਸਿੱਖ ਦੀ ਦਸਤਾਰ ’ਤੇ ਚੱਪਲ ਸੁੱਟਣ ਦੀ ਕੀਤੀ ਨਿੰਦਾ

ਅੰਮ੍ਰਿਤਸਰ, 16 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੋਲਕਾਤਾ ਵਿਖੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵਲੋਂ ਇਕ ਸਿੱਖ ਦੀ ਦਸਤਾਰ ’ਤੇ ਚੱਪਲ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਘਟਨਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਆਖਿਆ ਕਿ ਦਸਤਾਰ ਸਿੱਖ ਧਰਮ ਦਾ ਅਟੁੱਟ ਅੰਗ ਅਤੇ ਸਿੱਖ ਪਛਾਣ ਦਾ ਪ੍ਰਤੀਕ ਹੈ, ਜਿਸ ਦੀ ਅਜਿਹੀਆਂ ਹਰਕਤਾਂ ਨਾਲ ਬੇਅਦਬੀ ਕਰਨਾ ਸਮੁੱਚੀ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਸੱਟ ਮਾਰਨ ਦੇ ਬਰਾਬਰ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰ ਦੇ ਮੰਤਰੀਆਂ ਦਾ ਫਰਜ਼ ਹੈ ਕਿ ਉਹ ਹਰ ਧਰਮ ਦੇ ਲੋਕਾਂ ਦਾ ਸਤਿਕਾਰ ਕਰਨ ਅਤੇ ਸਮਾਜ ਵਿਰੋਧੀ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਪਰ ਜਦੋਂ ਸਿਖਰਲੇ ਅਹੁਦਿਆਂ ’ਤੇ ਬੈਠੇ ਲੋਕ ਹੀ ਅਜਿਹੀਆਂ ਨਿੰਦਣਯੋਗ ਹਰਕਤਾਂ ਕਰਨਗੇ, ਤਾਂ ਆਮ ਲੋਕਾਂ ਦਾ ਸਰਕਾਰ ਅਤੇ ਸਮਾਜਿਕ ਨਿਆਂ ’ਤੇ ਭਰੋਸਾ ਕਿਵੇਂ ਕਾਇਮ ਰਹੇਗਾ? ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ, ਸਗੋਂ ਸਮੁੱਚੇ ਸਮਾਜ ਵਿਚ ਵਿਸ਼ਵਾਸ ਅਤੇ ਸਦਭਾਵਨਾ ਨੂੰ ਵੀ ਕਮਜ਼ੋਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਸਿੱਖ ਭਾਈਚਾਰੇ ਨੇ ਆਪਣੀਆਂ ਸੇਵਾਵਾਂ ਨਾਲ ਮਨੁੱਖਤਾ ਦੀ ਭਲਾਈ ਲਈ ਮਿਸਾਲੀ ਯੋਗਦਾਨ ਪਾਇਆ। ਪਰੰਤੂ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਇਕ ਜ਼ਿੰਮੇਵਾਰ ਤੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਵਲੋਂ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਆਹਤ ਕੀਤੀਆਂ ਗਈਆਂ ਹਨ। ਅਜਿਹੇ ਵਿਅਕਤੀ ਖਿਲਾਫ਼ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਅੰਦਰ ਕੋਈ ਵੀ ਅਜਿਹੀ ਮਾਨਵ ਵਿਰੋਧੀ ਹਰਕਤ ਨਾ ਕਰੇ।