ਪਿੰਡ ਕਟੋਰੇਵਾਲਾ ਦੇ ਅਗਵਾ ਕੀਤੇ ਨੌਜਵਾਨ ਦਾ ਕੋਈ ਥਹੁ-ਪਤਾ ਨਹੀਂ

ਮਲੋਟ, (ਸ੍ਰੀ ਮੁਕਤਸਰ ਸਾਹਿਬ), 17 ਜੂਨ (ਪਾਟਿਲ)- ਥਾਣਾ ਸਦਰ ਮਲੋਟ ਦੇ ਪਿੰਡ ਕਟੋਰੇਵਾਲਾ ਵਿਖੇ ਅਗਵਾ ਕੀਤੇ 29 ਸਾਲਾ ਨੌਜਵਾਨ ਦਾ ਹਾਲੇ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ ਤੇ ਨਾ ਹੀ ਪੁਲਿਸ ਵਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਰਣਯੋਗ ਹੈ ਕਿ ਬੀਤੀ 16 ਜੂਨ ਦੀ ਰਾਤ ਨੂੰ ਪਿੰਡ ਕਟੋਰੇਵਾਲਾ ਵਿਖੇ 29 ਸਾਲਾ ਨੌਜਵਾਨ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਮਾਮਲੇ ਵਿਚ ਅਗਵਾਕਾਰਾਂ ਨੇ ਗੋਲੀਆਂ ਚਲਾਈਆਂ ਅਤੇ ਅਗਵਾ ਹੋਏ ਨੌਜਵਾਨ ਦੀ ਮਾਤਾ ਤੇ ਪਿਤਾ ਦੀਆਂ ਲੱਤਾਂ ਵਿਚ ਵੀ ਗੋਲੀਆਂ ਚਲਾਈਆਂ । ਗੋਲੀਆਂ ਦੇ ਸ਼ਰੇ ਵੱਜਣ ਨਾਲ ਜਖ਼ਮੀ ਹੋਏ ਮਾਂ ਬਾਪ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ। ਸਦਰ ਮਲੋਟ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭੀ ਹੋਈ ਹੈ। ਹਸਪਤਾਲ ਵਿਚ ਭਰਤੀ ਅਗਵਾ ਨੌਜਵਾਨ ਦੀ ਮਾਂ ਸਰਬਜੀਤ ਕੌਰ ਨੇ ਪੱਤਰਕਾਰਾਂ ਅਤੇ ਪਿਤਾ ਜਸਬੀਰ ਸਿੰਘ ਪੁੱਤਰ ਗੋਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਦੋ ਲੜਕੇ ਹਨ, ਜਿਨ੍ਹਾਂ ਵਿਚੋਂ ਇਕ ਬਾਹਰ ਨੌਕਰੀ ਕਰਦਾ ਹੈ। ਜਦ ਕਿ ਦੂਸਰਾ ਲੜਕਾ ਰਣਜੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ । ਸੋਮਵਾਰ 16 ਜੂਨ ਨੂੰ ਰਾਤ ਨੂੰ ਸਾਢੇ 9 ਵਜੇ ਕਾਲੀ ਸਕਾਰਪੀਓ ’ਤੇ ਕੁਝ ਨੌਜਵਾਨ ਉਨ੍ਹਾਂ ਦੇ ਘਰ ਆਏ, ਜਿਨ੍ਹਾਂ ਵਿਚੋਂ ਇਕ ਲੜਕਾ ਦੋ -ਤਿੰਨ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਘਰ ਆਇਆ ਸੀ। ਰਣਜੀਤ ਸਿੰਘ ਜਦੋਂ ਉਨ੍ਹਾਂ ਨਾਲ ਬਾਹਰ ਗੱਡੀ ਵਿਚ ਪਾਣੀ ਪਿਆਉਣ ਗਿਆ ਤਾਂ ਉਹਨਾਂ ਨੇ ਹਥਿਆਰਾਂ ਦੀ ਨੋਕ ’ਤੇ ਜਬਰੀ ਉਸ ਨੂੰ ਗੱਡੀ ਵਿਚ ਅਗਵਾ ਕਰ ਲਿਆ। ਇਸ ਮੌਕੇ ਆਪਣੇ ਲੜਕੇ ਦੀ ਮਦਦ ਲਈ ਜਸਬੀਰ ਸਿੰਘ ਅਤੇ ਸਰਬਜੀਤ ਕੌਰ ਬਾਹਰ ਆਏ ਅਤੇ ਉਹਨਾਂ ਨੇ ਰਣਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਅਗਵਾਕਾਰਾਂ ਨੇ ਅਸਲੇ ਨਾਲ ਫਾਇਰ ਕੀਤੇ। ਅਗਵਾਕਾਰਾਂ ਨੇ ਲੜਕੇ ਦੇ ਫੋਨ ਤੋਂ ਉਹਨਾਂ ਨੂੰ 7 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਅਤੇ ਪੁਲਿਸ ਨੂੰ ਸੂਚਨਾ ਦੇਣ ਤੇ ਸਿੱਟੇ ਭੁਗਤਣ ਲਈ ਕਿਹਾ। ਇਸ ਮਾਮਲੇ ’ਤੇ ਸਦਰ ਮਲੋਟ ਪੁਲਿਸ ਨੇ ਅਗਵਾ ਨੌਜਵਾਨ ਦੇ ਪਿਤਾ ਜਸਬੀਰ ਸਿੰਘ ਦੇ ਬਿਆਨਾਂ ’ਤੇ ਅਣ-ਪਛਾਤੇ ਵਿਅਕਤੀਆਂ ਵਿਰੁੱਧ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ।