JALANDHAR WEATHER

ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵਲੋਂ ਘੱਟ ਕੀਮਤ 'ਤੇ ਜ਼ਮੀਨ ਵੇਚਣ ਦੇ ਲਗਾਏ ਦੋਸ਼ਾਂ ਦਾ ਕੀਤਾ ਖੰਡਨ

ਅੰਮ੍ਰਿਤਸਰ, 18 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਮਾਲਕੀ ਵਾਲੇ ਕੁਝ ਪਲਾਟ ਘੱਟ ਕੀਮਤ ’ਤੇ ਵੇਚਣ ਦੇ ਲਾਏ ਬੇਬੁਨਿਆਦ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਸਕੱਤਰ ਪ੍ਰਤਾਪ ਸਿੰਘ ਤੇ ਮੀਤ ਸਕੱਤਰ ਗੁਰਨਾਮ ਸਿੰਘ ਨੇ ਭਾਈ ਰਣਜੀਤ ਸਿੰਘ ਵਲੋਂ ਲਾਏ ਇਲਜ਼ਾਮਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਉਹ ਜਗ੍ਹਾ ਹੈ ਜੋ ਗੁਰਦੁਆਰਾ ਸਾਹਿਬ ਦੀ ਵਰਤੋਂ ਵਿਚ ਨਾ ਆ ਰਹੀ ਹੋਣ ਕਰਕੇ ਅਤੇ ਲੋਕਾਂ ਵਲੋਂ ਕਬਜ਼ੇ ਕਰਨ ਦੀਆਂ ਹਰਕਤਾਂ ਕਾਰਨ ਇਸ ਨੂੰ ਜਾਇਦਾਦ ਸਬ-ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਵੇਚਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਇਸ਼ਤਿਹਾਰ ਲਗਾ ਕੇ ਖੁੱਲ੍ਹੀ ਬੋਲੀ ਰਾਹੀਂ ਇਹ ਜਗ੍ਹਾ ਵੇਚੀ ਹੈ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਸ਼ਹਿਰ ਦੇ ਲਾਗੇ ਜ਼ਰੂਰ ਹੈ ਪਰ ਗਲੀਆਂ ਤੰਗ ਹੋਣ ਕਰਕੇ ਇਸ ਥਾਂ ਦਾ ਮਾਰਕੀਟ ਰੇਟ ਘੱਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ, ਖੁਸ਼ਵਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਭਲਾਈਪੁਰ ’ਤੇ ਆਧਾਰਿਤ ਸਬ-ਕਮੇਟੀ ਨਿਰਧਾਰਤ ਕਰਕੇ ਇਸ ਥਾਂ ਦੀ ਨਿਯਮਾਂ ਅਨੁਸਾਰ ਖੁੱਲ੍ਹੀ ਬੋਲੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਜਗ੍ਹਾ ਦੀ ਕੀਮਤ ਵਧੇਰੇ ਹੁੰਦੀ ਤਾਂ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਕਈ ਵਾਰ ਰੱਖੀਆਂ ਬੋਲੀਆਂ ਗਾਹਕਾਂ ਵਲੋਂ ਬੋਲੀ ਨਾ ਦੇਣ ਕਰਕੇ ਰੱਦ ਨਾ ਕਰਨੀਆਂ ਪੈਂਦੀਆਂ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਵਲੋਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਵਲੋਂ 60 ਲੱਖ ਦੀ ਜਗ੍ਹਾ 16 ਲੱਖ ਵਿਚ ਵੇਚ ਦਿੱਤੀ, ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਸ਼੍ਰੋਮਣੀ ਕਮੇਟੀ ਸਕੱਤਰ ਨੇ ਕਿਹਾ ਕਿ ਜੇਕਰ ਭਾਈ ਰਣਜੀਤ ਸਿੰਘ ਨੂੰ ਇਹ ਕੀਮਤ ਘੱਟ ਲਗਦੀ ਹੈ ਤਾਂ ਉਹ 60 ਲੱਖ ਦੀ 55 ਲੱਖ ਹੀ ਗੁਰਦੁਆਰਾ ਸਾਹਿਬ ਵਿਖੇ ਜਮ੍ਹਾਂ ਕਰਵਾ ਦੇਣ ਤਾਂ ਸ਼੍ਰੋਮਣੀ ਕਮੇਟੀ ਬੋਲੀ ਰੱਦ ਕਰਕੇ ਇਹ ਜਗ੍ਹਾ ਉਨ੍ਹਾਂ ਦੇ ਸਪੁਰਦ ਕਰ ਦੇਵੇਗੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਦੀ ਸਤਿਕਾਰਤ ਸ਼ਖ਼ਸੀਅਤ ਹਨ, ਉਨ੍ਹਾਂ ਨੂੰ ਸਿੱਖ ਸੰਸਥਾ ਖਿਲਾਫ਼ ਇਸ ਤਰ੍ਹਾਂ ਤੱਥਾਂ ਤੋਂ ਰਹਿਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਉਤੇ ਕੀਮਤੀ ਜ਼ਮੀਨ ਘੱਟ ਰੇਟ ਉਤੇ ਵੇਚਣ ਦੇ ਦੋਸ਼ ਲਾਏ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ