ਦੋ ਕਾਰਾਂ ਦੀ ਭਿਆਨਕ ਟੱਕਰ ਵਿਚ 8 ਜ਼ਖਮੀ

ਘੋਗਰਾ, 2 ਜੁਲਾਈ (ਆਰ. ਐੱਸ. ਸਲਾਰੀਆ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ ਦਸੂਹਾ-ਹਾਜੀਪੁਰ ਉਤੇ ਪੈਂਦੇ ਪਿੰਡ ਸੱਗਰਾਂ ਪੁੱਲ ਉੱਤੇ ਦੋ ਕਾਰਾਂ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਥਾਰ ਜੋ ਕਿ ਹਾਜੀਪੁਰ ਤੋਂ ਦਸੂਹਾ ਸਾਈਡ ਨੂੰ ਆ ਰਹੀ ਸੀ, ਨੂੰ ਡਰਾਈਵ ਡਿੰਪਲ ਕਰ ਰਿਹਾ ਸੀ, ਨਾਲ ਸ਼ਾਰਦਾ ਰਾਣੀ ਪਤਨੀ ਲੇਟ ਕ੍ਰਿਸ਼ਨ ਦੇਵ ਖੋਸਲਾ ਉਮਰ 60 ਸਾਲ, ਉਪਾਸਨਾ ਸੱਭਰਵਾਲ ਪੁੱਤਰੀ ਕ੍ਰਿਸ਼ਨ ਦੇਵ ਖੋਸਲਾ, ਰੋਹਨ ਪੁੱਤਰ ਰੋਕੀ ਸੱਭਰਵਾਲ ਉਮਰ 14 ਸਾਲ ਵਾਸੀਆਨ ਵਾਰਡ ਨੰਬਰ 13 ਦਸੂਹਾ ਥਾਣਾ ਦਸੂਹਾ ਅਤੇ ਮਨਜਾਪ ਸਿੰਘ, ਮਨਜੋਤ ਸਿੰਘ, ਜਸਵੀਰ ਸਿੰਘ, ਸੁਖਪ੍ਰੀਤ ਸਿੰਘ ਵਾਸੀਆਨ ਪਿੰਡ ਪਨਵਾਂ, ਕੁਲਵੀਰ ਸਿੰਘ ਵਾਸੀ ਪਿੰਡ ਠੱਕਰ ਥਾਣਾ ਦਸੂਹਾ ਜੋ ਕਿ ਆਪਣੀ ਕਾਰ ਮਾਰੂਤੀ ਰਾਹੀਂ ਦਸੂਹਾ ਤੋਂ ਤਲਵਾੜਾ ਸਾਈਡ ਨੂੰ ਜਾ ਰਹੇ ਸੀ। ਜਦੋਂ ਇਹ ਸੱਗਰਾਂ ਪੁੱਲ ਉਪਰ ਪਹੁੰਚੇ ਤਾਂ ਦੋਵੇਂ ਕਾਰਾਂ ਆਪਸ ਵਿਚ ਟਕਰਾਅ ਗਈਆਂ ਤੇ ਦੋਵਾਂ ਵਿਚ ਸਵਾਰ ਸਾਰਿਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਰਾਹਗੀਰਾਂ ਵਲੋਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਸੂਹਾ ਵਿਖੇ ਲਿਜਾਇਆ ਗਿਆ। ਡਿਊਟੀ ਡਾਕਟਰ ਵਲੋਂ ਚੈੱਕਅਪ ਕਰਨ ਉਤੇ ਸ਼ਾਰਦਾ ਰਾਣੀ ਅਤੇ ਕੁਲਵੀਰ ਸਿੰਘ ਦੀ ਗੰਭੀਰ ਹਾਲਤ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ।