ਘਰੋਂ ਖਾਦ ਪਾਉਣ ਗਏ ਕਿਸਾਨ ਦੀ ਖੇਤਾਂ ’ਚੋਂ ਮਿਲੀ ਲਾਸ਼

ਕੱਥੂਨੰਗਲ, (ਅੰਮ੍ਰਿਤਸਰ), 3 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)– ਘਰੋਂ ਖ਼ੇਤਾਂ ਨੂੰ ਖਾਦ ਪਾਉਣ ਗਏ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਦਸੰਧਾ ਸਿੰਘ ’ਚ ਇਕ ਕਿਸਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡ ਵਾਸੀ ਕਿਸਾਨ ਸਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਕੱਲ੍ਹ ਦੇਰ ਸ਼ਾਮ ਆਪਣੇ ਖੇਤਾਂ ਵਿਚ ਖਾਦ ਪਾਉਣ ਲਈ ਗਿਆ ਸੀ ਪਰ ਉਹ ਮੁੜ ਘਰ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਨੇ ਰਾਤ ਭਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁਝ ਪਤਾ ਨਾ ਲੱਗ ਸਕਿਆ। ਸਵੇਰੇ ਪਿੰਡ ਵਾਸੀਆਂ ਨੇ ਦੂਰ ਖੇਤਾਂ ਵਿਚ ਉਸ ਦੀ ਲਾਸ਼ ਪਈ ਦੇਖੀ। ਇਸ ਸੰਬੰਧੀ ਪੁਲਿਸ ਥਾਣਾ ਕੱਥੂਨੰਗਲ ਨੂੰ ਸੂਚਨਾ ਦਿੱਤੀ ਗਈ, ਜਿਸ ’ਤੇ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਮਾਮਲਾ ਅਗਵਾ ਕਰ ਕੇ ਕਤਲ ਕਰਨ ਦਾ ਲੱਗ ਰਿਹਾ ਹੈ। ਪੁਲਿਸ ਵਲੋਂ ਮੌਕੇ ਤੋਂ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਅਤੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਾਤਲਾਂ ਨੂੰ ਕੜੀ ਸਜ਼ਾ ਮਿਲ ਸਕੇ। ਇਸ ਕਿਸਾਨ ਦਾ ਇਕ ਆੜਤੀਏ ਨਾਲ ਪੈਸੇ ਲੈਣ ਦੇਣ ਦਾ ਵਿਵਾਦ ਵੀ ਸਾਹਮਣੇ ਆਇਆ ਸੀ, ਜਿਸ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਧਰਨਾ ਵੀ ਮਾਰਿਆ ਗਿਆ ਸੀ ਅਤੇ ਇਸ ਮਾਮਲੇ ਨੂੰ ਥਾਣਾ ਕੱਥੂ ਨੰਗਲ ਵਿਖੇ ਦਰਜ ਕਰਵਾਇਆ ਗਿਆ ਸੀ।