ਕਰੰਟ ਲੱਗਣ ਕਾਰਨ ਸਕੂਲੀ ਵਿਦਿਆਰਥਣ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 4 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰੇ ਰੋੜੇਵਾਲ ਪਿੰਡ ਦੀ 17 ਕੁ ਵਰਿ੍ਹਆਂ ਦੀ ਇਕ ਸਕੂਲੀ ਵਿਦਿਆਰਥਣ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਭਾਵੁਕ ਹੋਏ ਮ੍ਰਿਤਕ ਲੜਕੀ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਲਵਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ’ਚ 12 ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਅੱਜ ਸਵੇਰੇ ਸਕੂਲ ਜਾਣ ਲਈ ਤਿਆਰ ਹੋਣ ਸਮੇ ਬਿਜਲੀ ਦੇ ਹਵਾ ਵਾਲੇ ਪੱਖੇ ਨੂੰ ਚੁੱਕ ਕੇ ਥੋੜਾ ਜਿਹਾ ਪਿੱਛੇ ਕਰਨ ਲੱਗੀ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਲਿਆਂਦਾ ਗਿਆ ਪਰ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲਵਪ੍ਰੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ ਅਤੇ ਪੜ੍ਹਾਈ ਉਪਰੰਤ ਡਾਕਟਰ ਜਾਂ ਵਕੀਲ ਬਣਨਾ ਚਾਹੁੰਦੀ ਸੀ।