ਬਿਨ੍ਹਾਂ ਮੁਕਾਬਲੇ ਜੇਤੂ ਰਹੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ

ਚੰਡੀਗੜ੍ਹ, 4 ਜੁਲਾਈ-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ਬਿਨਾਂ ਮੁਬਾਬਲੇ ਦੇ ਜੇਤੂ ਰਹੇ ਹਨ। ਅਮਰਜੀਤ ਮਹਿਤਾ ਪ੍ਰਧਾਨ ਬਣੇ ਤੇ ਦੀਪਕ ਬਾਲੀ ਉਪ ਪ੍ਰਧਾਨ ਤੇ ਵਿਧਾਇਕ ਕੁਲਵੰਤ ਸਿੰਘ ਸਕੱਤਰ ਨਿਯੁਕਤ ਕੀਤੇ ਗਏ ਹਨ। ਦੱਸ ਦਈਏ ਕਿ ਪਹਿਲੀ ਵਾਰ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਸਮੇਤ ਦੋ ਆਮ ਆਦਮੀ ਪਾਰਟੀ (ਆਪ) ਆਗੂਆਂ ਨੇ ਇਸ ਮਹੀਨੇ ਦੇ ਅੰਤ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੀਆਂ ਆਉਣ ਵਾਲੀਆਂ ਚੋਣਾਂ ਲਈ ਕ੍ਰਮਵਾਰ ਸਕੱਤਰ ਅਤੇ ਉਪ-ਪ੍ਰਧਾਨ ਦੇ ਅਹੁਦੇ ਲਈ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ। ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਤੋਂ ਬਾਅਦ ਪੀ.ਸੀ.ਏ. ਵੈੱਬਸਾਈਟ 'ਤੇ ਪੋਸਟ ਕੀਤੇ ਇਕ ਨੋਟੀਫਿਕੇਸ਼ਨ ਵਿਚ, ਐਸੋਸੀਏਸ਼ਨ ਦੇ ਸਕੱਤਰ ਅਤੇ ਉਪ-ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਲਈ ਦੋਵਾਂ 'ਆਪ' ਆਗੂਆਂ ਦੇ ਨਾਂਅ ਸ਼ਾਮਿਲ ਸਨ।
ਪੀ.ਸੀ.ਏ. ਦੇ ਮੌਜੂਦਾ ਪ੍ਰਧਾਨ ਅਮਰਜੀਤ ਸਿੰਘ ਮਹਿਤਾ, ਜਿਨ੍ਹਾਂ ਦੇ ਪੁੱਤਰ ਪਦਮਜੀਤ ਮਹਿਤਾ ਵੀ 'ਆਪ' ਆਗੂ ਹਨ, ਨੇ ਪੀ.ਸੀ.ਏ. ਪ੍ਰਧਾਨ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ। ਸੁਨੀਲ ਗੁਪਤਾ, ਜੋ ਕਿ ਐਸੋਸੀਏਸ਼ਨ ਦੇ ਮੌਜੂਦਾ ਖਜ਼ਾਨਚੀ ਹਨ ਅਤੇ ਇਸ ਸਮੇਂ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ-ਚੇਅਰਮੈਨ ਹਨ, ਨੇ ਵੀ ਦੁਬਾਰਾ ਪੀ.ਸੀ.ਏ. ਖਜ਼ਾਨਚੀ ਵਜੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ।