JALANDHAR WEATHER

ਸੁਨਿਆਰੇ ਨੂੰ ਬੰਧਕ ਬਣਾ ਕੇ ਕਰੋੜਾਂ ਰੁਪਏ ਦੇ ਗਹਿਣੇ ਲੁੱਟੇ

ਜ਼ੀਰਕਪੁਰ, 11 ਜੁਲਾਈ (ਹੈਪੀ ਪੰਡਵਾਲਾ)-ਅੱਜ ਬਾਅਦ ਦੁਪਹਿਰ ਇਥੋਂ ਦੇ ਢਕੌਲੀ ਖ਼ੇਤਰ 'ਚ ਸੁਨਿਆਰੇ ਦੀ ਦੁਕਾਨ 'ਤੇ ਵਾਪਰੀ ਲੁੱਟ ਦੀ ਵੱਡੀ ਵਾਰਦਾਤ ਨੇ ਸ਼ਹਿਰ ਵਾਸੀਆਂ 'ਚ ਖ਼ੌਫ਼ ਪੈਦਾ ਕਰ ਦਿੱਤਾ ਹੈ। ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਨੇ ਗੋਬਿੰਦ ਜਿਊਲਰ ਨਾਂਅ ਦੀ ਦੁਕਾਨ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਦੁਕਾਨ ਮਾਲਕ ਨੂੰ ਕੁਰਸੀ ਨਾਲ ਬੰਨ੍ਹ ਕੇ ਕੁਝ ਮਿੰਟਾਂ 'ਚ ਹੀ ਕਰੋੜਾਂ ਰੁਪਏ ਦੇ ਸੋਨੇ, ਚਾਂਦੀ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਸੀ.ਸੀ.ਟੀ.ਵੀ. ਦੀ ਡੀ.ਵੀ.ਆਰ. ਵੀ ਨਾਲ ਲੈ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮਾਮਲੇ ਬਾਬਤ ਦੁਕਾਨ ਮਾਲਕ ਗੋਵਿੰਦ ਕਵਾਤੜਾ ਨੇ ਦੱਸਿਆ ਕਿ ਦੁਪਹਿਰ ਵੇਲ਼ੇ ਉਹ ਪੰਚਕੂਲਾ ਗਿਆ ਹੋਇਆ ਸੀ ਅਤੇ ਉਸਦਾ ਪਿਤਾ ਸੁਰਿੰਦਰ ਕਵਾਤੜਾ ਦੁਕਾਨ 'ਤੇ ਬੈਠਾ ਸੀ। ਇਸ ਦੌਰਾਨ ਮੋਟਰਸਾਈਕਲ 'ਤੇ 2 ਨੌਜਵਾਨ ਸੋਨੇ ਦੀ ਚੇਨ ਦੇਖਣ ਆਏ ਅਤੇ ਭਾਅ ਪੁੱਛ ਕੇ ਚਲੇ ਗਏ। ਕੁਝ ਦੇਰ ਬਾਅਦ ਉਹ ਫਿਰ ਆਏ ਅਤੇ ਆਉਂਦਿਆਂ ਹੀ ਉਸਦੇ ਪਿਤਾ ਨਾਲ ਧੱਕਾਮੁੱਕੀ ਕਰਦਿਆਂ ਉਪਰਲੀ ਮੰਜ਼ਿਲ 'ਤੇ ਲੈ ਗਏ ਤੇ ਕੁਰਸੀ ਨਾਲ ਬੰਨ੍ਹ ਦਿੱਤਾ। ਲੁਟੇਰਿਆਂ ਨੇ ਜੇਬ 'ਚ ਪਿਸਤੌਲ ਹੋਣ ਵੱਲ ਇਸ਼ਾਰਾ ਕਰਦਿਆਂ ਚੁੱਪ ਬੈਠਣ ਲਈ ਕਿਹਾ ਅਤੇ ਦੁਕਾਨ 'ਚ ਪਏ 2 ਕਿੱਲੋ ਸੋਨੇ, 15 ਕਿੱਲੋ ਚਾਂਦੀ ਦੇ ਗਹਿਣੇ ਅਤੇ ਗੱਲੇ 'ਚੋਂ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।

ਦੁਕਾਨ ਮਾਲਕ ਮੁਤਾਬਕ ਗਹਿਣਿਆਂ ਦੀ ਕੀਮਤ ਕਰੀਬ ਸਵਾ 2 ਕਰੋੜ ਰੁਪਏ ਬਣਦੀ ਹੈ। ਲੁਟੇਰੇ ਸਾਰੀ ਵਾਰਦਾਤ ਨੂੰ 15 ਮਿੰਟ 'ਚ ਅੰਜਾਮ ਦੇ ਕੇ ਜਾਂਦੇ ਹੋਏ ਡੀ.ਵੀ.ਆਰ. ਵੀ ਲੈ ਗਏ। ਉਸਨੇ ਦੱਸਿਆ ਕਿ ਉਸਦੇ ਪਿਤਾ ਨੇ ਖ਼ੁਦ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਕੁਰਸੀ ਸਮੇਤ ਉੱਠ ਕੇ ਗੁਆਂਢੀਆਂ ਨੂੰ ਆਵਾਜ਼ਾਂ ਦਿੱਤੀਆਂ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. ਜਸਪਿੰਦਰ ਸਿੰਘ ਗਿੱਲ ਤੇ ਢਕੌਲੀ ਥਾਣਾ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵਲੋਂ ਨੇੜਲੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਮੁਤਾਬਕ ਜਾਂਚ ਉਪਰੰਤ ਹੀ ਲੁੱਟੇ ਸਾਮਾਨ ਬਾਰੇ ਦੱਸਿਆ ਜਾ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ