ਅਣ-ਪਛਾਤੇ ਵਿਅਕਤੀਆਂ ਵਲੋਂ ਔਰਤ ਨੂੰ ਮਾਰੀ ਗੋਲੀ

ਕੱਥੂਨੰਗਲ, (ਅੰਮ੍ਰਿਤਸਰ), 12 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬੇ ਵਿਖੇ ਸਥਿਤ ਪਸ਼ੂ ਹਸਪਤਾਲ ਨੇੜੇ ਟੈਲੀਫੋਨ ਐਕਸਚੇਂਜ ਵਿਖ਼ੇ ਅ-ਪਛਾਤੇ ਵਿਅਕਤੀਆਂ ਵਲੋਂ ਇਕ ਔਰਤ ਦੇ ਢਿੱਡ ਵਿਚ ਗੋਲੀ ਮਾਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਬੀਰੂ ਨਾਥ ਪੁੱਤਰ ਸ਼ੱਬੂ ਰਾਮ ਜ਼ਿਲ੍ਹਾ ਦੋਸਾ ਰਾਜਸਥਾਨ ਹਾਲ ਵਾਸੀ ਕੱਥੂਨੰਗਲ, ਜੋ ਕਿ ਕੱਥੂ ਨੰਗਲ ਪਿੰਡ ਵਿਖੇ ਆਪਣੇ ਪਰਿਵਾਰ ਸਮੇਤ ਸਫ਼ਾਈ ਸੇਵਕ ਦਾ ਕੰਮ ਕਰਦੇ ਹਨ ਅਤੇ ਪਸ਼ੂ ਹਸਪਤਾਲ ਪਿੰਡ ਕਥੂ ਨੰਗਲ ਵਿਖੇ ਉਨ੍ਹਾਂ ਦੀ ਰਿਹਾਇਸ਼ ਹੈ।
ਕੱਲ੍ਹ ਦੇਰ ਸ਼ਾਮੀ ਫੂਲਵਤੀ ਪਤਨੀ ਬੀਰੂਨਾਥ ਆਪਣੇ ਘਰ ਵਿਖੇ ਕੱਪੜੇ ਧੋ ਰਹੀ ਸੀ, ਜਦੋਂ ਉਸ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜੋ ਸਿੱਧੀ ਉਸ ਦੇ ਪੇਟ ਵਿਚ ਲੱਗੀ, ਜਿਸ ਦੇ ਰੌਲਾ ਪਾਉਣ ’ਤੇ ਪਰਿਵਾਰ ਵਲੋਂ ਉਸ ਨੂੰ ਮਜੀਠਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ, ਜਿਥੋਂ ਉਹਨਾਂ ਨੇ ਉਸ ਨੂੰ ਅੰਮ੍ਰਿਤਸਰ ਸ੍ਰੀ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ। ਡਾਕਟਰਾਂ ਵਲੋਂ ਉਸ ਦਾ ਐਕਸਰਾ ਕੀਤਾ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ ਗੋਲੀ ਪੇਟ ਵਿਚ ਲੱਗ ਕੇ ਬਾਹਰ ਨਿਕਲ ਗਈ ਹੈ, ਜਿਸ ਨਾਲ ਉਸ ਦੇ ਪੇਟ ਵਿਚ ਜ਼ਖ਼ਮ ਹੋ ਗਿਆ।
ਪਰਿਵਾਰ ਵਲੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਸੋਂ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਸੀ.ਸੀ. ਟੀ.ਵੀ. ਕੈਮਰੇ ਦੀਆਂ ਫੋਟੋਆਂ ਖੰਘਾਲੀਆਂ ਜਾ ਰਹੀਆਂ ਹਨ ਤਾਂ ਜੋ ਜਲਦੀ ਤੋਂ ਜਲਦੀ ਦਹਿਸ਼ਤ ਫੈਲਾਉਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਜਾ ਸਕੇ।