ਚੋਰੀ ਦੀ ਥਾਰ ਅਤੇ ਨਜਾਇਜ਼ ਪਿਸਟਲ ਸਮੇਤ ਇਕ ਰਾਜਸਥਾਨੀ ਕਾਬੂ

ਸੰਗਤ ਮੰਡੀ, (ਬਠਿੰਡਾ), 12 ਜੁਲਾਈ (ਦੀਪਕ ਸ਼ਰਮਾ)- ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਦੀ ਪੁਲਿਸ ਨੇ ਇਕ ਚੋਰੀ ਕੀਤੀ ਗਈ ਥਾਰ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਮੁਖੀ ਪਰਮ ਪਾਰਸ ਸਿੰਘ ਚਹਿਲ ਨੇ ਦੱਸਿਆ ਹੈ ਕਿ ਸਾਨੂੰ ਖ਼ਬਕ ਮਿਲੀ ਸੀ ਕਿ ਇਕ ਥਾਰ ਸ਼ੱਕੀ ਹਾਲਤ ਵਿਚ ਇਲਾਕੇ ਵਿਚ ਘੁੰਮ ਰਹੀ ਹੈ, ਜਦ ਪੁਲਿਸ ਚੌਕੀ ਪਥਰਾਲਾ ਦੇ ਮੁਖੀ ਸੁਖਜੰਟ ਸਿੰਘ ਵਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪਿੰਡ ਪਥਰਾਲਾ ਕੋਲ ਨਾਕਾਬੰਦੀ ਕੀਤੀ ਗਈ ਸੀ ਤਾਂ ਇਕ ਥਾਰ ਕਾਲੇ ਰੰਗ ਦੀ ਬਠਿੰਡਾ ਵਾਲੀ ਸਾਈਡ ਤੋਂ ਆ ਰਹੀ ਸੀ।
ਜਦ ਪੁਲਿਸ ਨੇ ਥਾਰ ਸਵਾਰ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਥਾਰ ਵਿਚੋਂ ਇਕ ਪਿਸਟਲ ਤੇ 20 ਹਜ਼ਾਰ ਦੀ ਨਗਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਹੈ ਕਿ ਇਹ ਥਾਰ ਇਸ ਨੇ ਜ਼ੀਰਕਪੁਰ ਤੋਂ ਚੋਰੀ ਕੀਤੀ ਸੀ ਅਤੇ ਅੱਗੇ ਰਾਜਸਥਾਨ ਜਾਣ ਦੀ ਤਾਕ ਵਿਚ ਸੀ। ਉਨ੍ਹਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਥਾਰ ਕਾਰ ਸਵਾਰ ਦੀ ਪਹਿਚਾਣ ਰਾਬਤਾ ਰਾਮ ਪੁੱਤਰ ਪੁਰਖਾ ਰਾਮ ਵਾਸੀ ਪਾਦਵੀ ਜ਼ਿਲ੍ਹਾ ਬਾੜਮੇਰ ਰਾਜਸਥਾਨ ਦੇ ਤੌਰ ’ਤੇ ਹੋਈ ਹੈ, ਜਿਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਹਨਾਂ ਦੱਸਿਆ ਹੈ ਕਿ ਮੁੱਢਲੀ ਪੁੱਛ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ’ਤੇ ਗੁਜਰਾਤ ਵਿਚ 10-12 ਪਰਚੇ ਪਹਿਲਾਂ ਵੀ ਦਰਜ ਹਨ। ਥਾਣਾ ਮੁਖੀ ਨੇ ਦੱਸਿਆ ਹੈ ਕਿ ਅੱਜ ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਵੀ ਡੁੰਘਾਈ ਨਾਲ ਪੁੱਛ ਪੜਤਾਲ ਹੋ ਸਕੇ।