ਬੇਜ਼ੁਬਾਨ ਪਸ਼ੂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

ਸਰਦੂਲਗੜ੍ਹ, 12 ਜੁਲਾਈ (ਜੀ.ਐਮ. ਅਰੋੜਾ)-ਬੀਤੀ ਦੇਰ ਰਾਤ ਸਰਦੂਲਗੜ੍ਹ ਦੇ ਸਿਰਸਾ-ਮਾਨਸਾ ਰੋਡ ਉਤੇ ਇਕ ਬੇਜ਼ੁਬਾਨ ਪਸ਼ੂ ਨੇ ਮੋਟਰਸਾਈਕਲ ਉਤੇ ਜਾ ਰਹੇ ਨਵਦੀਪ ਸਿੰਘ ਨਵੀਂ ਨਾਮੀ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨਵਦੀਪ ਸਿੰਘ ਨਵੀ (ਤਕਰੀਬਨ 33 ਸਾਲ) ਪੁੱਤਰ ਸੁਰਿੰਦਰ ਸਿੰਘ ਰਿਟਾਇਰਡ ਪਟਵਾਰੀ ਜੋ ਕਿ ਰਤੀਆ ਰੋਡ ਉਤੇ ਬਣੇ ਰੋਇਲ ਵਿਲਾ ਰੈਸਟੋਰੈਂਟ ਵਿਚ ਮੈਨੇਜਰ ਦੇ ਤੌਰ ਉਤੇ ਕੰਮ ਕਰਦਾ ਸੀ ਜਦੋਂ ਉਹ ਰਾਤ 11 ਵਜੇ ਦੇ ਕਰੀਬ ਆਪਣੇ ਘਰ ਆ ਰਿਹਾ ਸੀ ਤਾਂ ਮਾਨਸਾ ਰੋਡ ਸਰਦੂਲਗੜ੍ਹ ਉਤੇ ਕਾਰ ਬਾਜ਼ਾਰ ਨਜ਼ਦੀਕ ਡਿਵਾਈਡਰ ਤੋਂ ਦੂਸਰੀ ਸਾਈਡ ਤੋਂ ਪਸ਼ੂ ਨੇ ਆ ਕੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਿਰ ਉਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਜਿਥੇ ਸ਼ਹਿਰ ਦੇ ਸਮਾਜ ਸੇਵੀ ਕਾਕਾ ਉਪਲ ਤੇ ਸ਼ਹਿਰ ਵਾਸੀਆਂ ਨੇ ਇਸ ਨੌਜਵਾਨ ਦੀ ਮੌਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ, ਉਥੇ ਕਾਕਾ ਉੱਪਲ ਨੇ ਕਿਹਾ ਕਿ ਬੀ. ਐਂਡ ਆਰ. ਵਲੋਂ ਸੜਕ ਬਣਾਉਣ ਸਮੇਂ ਸੜਕ ਵਿਚਾਲੇ ਜੋ ਡਿਵਾਈਡਰ ਬਣਾਇਆ ਗਿਆ ਹੈ, ਉਸ ਦੇ ਵਿਚਾਲੇ ਥਾਂ-ਥਾਂ ਉਤੇ ਦੋ ਤੋਂ ਤਿੰਨ ਫੁੱਟ ਦੇ ਕਰੀਬ ਖਾਲੀ ਜਗ੍ਹਾ ਛੱਡੀ ਗਈ ਹੈ, ਜਿਸ ਵਿਚੋਂ ਇਹ ਪਸ਼ੂ ਇਕ ਦੂਜੀ ਸਾਈਡ ਤੋਂ ਆਉਂਦੇ-ਜਾਂਦੇ ਹਨ, ਜਿਸ ਕਾਰਨ ਇਹ ਹਾਦਸੇ ਵਾਪਰਦੇ ਹਨ। ਲੋਕਾਂ ਦੀ ਮੰਗ ਹੈ ਕਿ ਡਿਵਾਇਡਰ ਵਿਚਾਲੇ ਛੱਡੀਆਂ ਖਾਲੀ ਥਾਵਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ।