ਫਾਜ਼ਿਲਕਾ ਪੁਲਿਸ ਨੇ ਕੱਢਿਆ ਫਲੈਗ ਮਾਰਚ, ਮਾੜੇ ਅਨਸਰਾਂ ਨੂੰ ਦਿੱਤੀ ਚਿਤਾਵਨੀ

ਫ਼ਾਜ਼ਿਲਕਾ, 12 ਜੁਲਾਈ (ਬਲਜੀਤ ਸਿੰਘ)-ਬੀਤੇ ਦਿਨੀਂ ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਦੇ ਅਬੋਹਰ ਸ਼ਹਿਰ ਵਿਚ ਇਕ ਬਹੁ-ਚਰਚਿਤ ਵਪਾਰੀ ਦੇ ਕਤਲ ਕਾਂਡ ਤੋਂ ਬਾਅਦ ਜ਼ਿਲ੍ਹੇ ਵਿਚ ਸੁਰੱਖਿਆ ਦੇ ਪ੍ਰਬੰਧ ਵਧਾਏ ਜਾ ਰਹੇ ਹਨ, ਜਿਸ ਤਹਿਤ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਅਤੇ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਹਰਮਣਬੀਰ ਸਿੰਘ ਗਿੱਲ ਅਤੇ ਐਸ. ਐਸ. ਪੀ. ਫਾਜ਼ਿਲਕਾ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਵਿਚ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਤੇ ਮਾੜੇ ਅਨਸਰਾਂ ਨੂੰ ਚਿਤਾਵਨੀ ਦੇਣ ਲਈ ਸ਼ਹਿਰ ਵਿਚ ਭਾਰੀ ਸੁਰੱਖਿਆ ਬੱਲ ਨਾਲ ਫਲੈਗ ਮਾਰਚ ਕੱਢਿਆ ਗਿਆ।
ਜਾਣਕਾਰੀ ਦਿੰਦਿਆਂ ਫਾਜ਼ਿਲਕਾ ਵਿਚ ਤਾਇਨਾਤ ਡੀ. ਐਸ. ਪੀ. ਅਬਨਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਫਾਜ਼ਿਲਕਾ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਤੇ ਉਨ੍ਹਾਂ ਨੂੰ ਯਕੀਨ ਦਿਵਾਉਣ ਲਈ ਕਿ ਪੁਲਿਸ ਹਰ ਸਮੇਂ ਉਨ੍ਹਾਂ ਦੀ ਸੁਰੱਖਿਆ ਵਿਚ ਮੌਜੂਦ ਹੈ ਤੇ ਮਾੜੇ ਅਨਸਰਾਂ ਨੂੰ ਚਿਤਾਵਨੀ ਦੇਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਤੇ ਉਨ੍ਹਾਂ ਵਲੋਂ ਮਾੜੇ ਅਨਸਰਾਂ ਨੂੰ ਇਹ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ ਵਿਚ ਬਖਸ਼ਿਆ ਨਹੀਂ ਜਾਵੇਗਾ।