ਸਾਈਬਰ ਠੱਗਾਂ ਨੇ ਪਰਿਵਾਰ ਨਾਲ ਲੱਖਾਂ ਰੁਪਏ ਦੀ ਮਾਰੀ ਠੱਗੀ

ਰਾਜਪੁਰਾ, 12 ਜੁਲਾਈ (ਰਣਜੀਤ ਸਿੰਘ)-ਇਥੋਂ ਦੇ ਆਰੀਆ ਸਮਾਜ ਰੋਡ ਉਤੇ ਰਹਿਣ ਵਾਲੇ ਪਰਿਵਾਰ ਨਾਲ ਸਾਈਬਰ ਠੱਗਾਂ ਨੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ ਹੈ। ਇਸ ਸਬੰਧੀ ਸਾਈਬਰ ਕ੍ਰਾਈਮ ਵਿਭਾਗ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਗੁਰਚਰਨ ਕੌਰ ਨਾਂਅ ਦੀ ਔਰਤ ਕੋਲ ਬੀਤੇ ਸਮੇਂ ਵਿਚ ਸਾਈਬਰ ਠੱਗਾਂ ਨੇ ਵੱਖ-ਵੱਖ ਫੋਨਾਂ ਤੋਂ ਫੋਨ ਕੀਤੇ ਤੇ ਪਰਿਵਾਰ ਕੋਲ ਵਿਦੇਸ਼ ਦੇ ਨੰਬਰਾਂ ਤੋਂ ਵੀ ਕਾਲਾਂ ਆਉਂਦੀਆਂ ਰਹੀਆਂ।
ਸਾਈਬਰ ਠੱਗਾਂ ਨੇ ਪਰਿਵਾਰ ਨੂੰ ਸੀ.ਬੀ.ਆਈ. ਵਿਭਾਗ ਦਾ ਡਰਾਵਾ ਦੇ ਕੇ ਉਨ੍ਹਾਂ ਕੋਲੋਂ 74 ਲੱਖ ਰੁਪਏ ਦੇ ਕਰੀਬ ਠੱਗੀ ਮਾਰੀ। ਪਰਿਵਾਰ ਨੂੰ ਜਦੋਂ ਇਸ ਠੱਗੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਵਿਭਾਗ ਨੂੰ ਕੀਤੀ। ਉਨ੍ਹਾਂ ਨੇ ਸ਼ਿਕਾਇਤ ਦੇ ਆਧਾਰ ਉਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਗੁਰਚਰਨ ਕੌਰ ਦਾ ਲੜਕਾ ਵਿਦੇਸ਼ ਵਿਚ ਰਹਿੰਦਾ ਹੈ।